ਵੋਟਾਂ ਰੱਦ ਹੋਣ ’ਤੇ ਐੱਸਡੀ ਕਾਲਜ ਦੇ ਵਿਦਿਆਰਥੀਆਂ ਵੱਲੋਂ ਮੁਜ਼ਾਹਰਾ
ਇਥੋਂ ਦੇ ਜੀਜੀਡੀ ਐਸਡੀ ਕਾਲਜ ਸੈਕਟਰ-32 ਵਿਚ ਅੱਜ ਵੋਟਾਂ ਦੇ ਨਤੀਜੇ ਤੋਂ ਨਾਖੁਸ਼ੀ ਕਈ ਪਾਰਟੀਆਂ ਦੇ ਦੋ ਸੌ ਦੇ ਕਰੀਬ ਵਿਦਿਆਰਥੀਆਂ ਨੇ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਪੰਜਾਹ ਵੋਟ ਰੱਦ ਕਰ ਦਿੱਤੇ ਗਏ ਤੇ ਕਈ ਉਮੀਦਵਾਰ ਪੰਜ ਵੋਟਾਂ ਨਾਲ ਹੀ ਹਾਰੇ ਹਨ। ਉਹ ਕਾਲਜ ਦੇ ਗੇਟ ਦੇ ਅੰਦਰ ਜਾਣ ਦੀ ਮੰਗ ’ਤੇ ਅੜੇ ਰਹੇ ਪਰ ਪੁਲੀਸ ਨੇ ਉਨ੍ਹਾਂ ਨੂੰ ਉਥੋਂ ਜਾਣ ਲਈ ਕਿਹਾ। ਵਿਦਿਆਰਥੀਆਂ ਦੇ ਨਾ ਮੰਨਣ ’ਤੇ ਪੁਲੀਸ ਨੇ ਕਈ ਵਿਦਿਆਰਥੀਆਂ ’ਤੇ ਲਾਠੀਚਾਰਜ ਵੀ ਕੀਤਾ।
ਜਾਣਕਾਰੀ ਅਨੁਸਾਰ ਸਾਰੀਆਂ ਐਸਡੀਸੀਯੂ, ਹਿਮਸੂ ਤੇ ਸੋਪੂ ਪਾਰਟੀਆਂ ਦੇ ਵਿਦਿਆਰਥੀਆਂ ਨੇ ਦੱਸਿਆ ਕਿ ਇਤਰਾਜ਼ ਜਤਾਉਣ ਦੇ ਬਾਵਜੂਦ ਉਨ੍ਹਾਂ ਦੇ ਹੀ ਪਾਰਟੀ ਦੇ ਵਰਕਰਾਂ ਦੀਆਂ ਵੋਟਾਂ ਰੱਦ ਕੀਤੀਆਂ ਗਈਆਂ ਹਨ। ਇਸ ਮੌਕੇ ਕਈ ਵਿਦਿਆਰਥੀਆਂ ਨੇ ਇਹ ਵੀ ਦੋਸ਼ ਲਾਇਆ ਕਿ ਉਹ ਸਿਰਫ ਪੰਜ ਮਿੰਟ ਹੀ ਲੇਟ ਸਨ ਤੇ ਉਨ੍ਹਾਂ ਨੂੰ ਕਾਲਜ ਵਿਚ ਵੋਟ ਪਾਉਣ ਲਈ ਦਾਖਲ ਨਹੀਂ ਹੋਣ ਦਿੱਤਾ ਗਿਆ। ਇਸ ਮੌਕੇ ਦੋ ਸੌ ਤੋਂ ਵੱਧ ਵਿਦਿਆਰਥੀਆਂ ਨੇ ਨਾਅਰੇਬਾਜ਼ੀ ਕੀਤੀ ਪਰ ਅੱਧੇ ਘੰਟੇ ਬਾਅਦ ਹੀ ਪੁਲੀਸ ਨੇ ਧਰਨਾਕਾਰੀਆਂ ਨੂੰ ਜਾਣ ਲਈ ਕਿਹਾ। ਕਾਲਜ ਦੇ ਸਾਬਕਾ ਪ੍ਰਧਾਨ ਜਤਿਨ ਗਿੱਲ ਨੇ ਦੱਸਿਆ ਕਿ ਕਾਲਜ ਦੇ ਅਮਲੇ ਨੇ ਸਹੀ ਢੰਗ ਨਾਲ ਵੋਟਾਂ ਨਹੀਂ ਪਵਾਈਆਂ। ਕਾਲਜ ਦੇ ਕਈ ਅਧਿਆਪਕਾਂ ਨੇ ਵੋਟਾਂ ਪਾਉਣ ਆਏ ਵਿਦਿਆਰਥੀਆਂ ਦੀਆਂ ਪਰਚੀਆਂ ਇਹ ਕਹਿ ਕੇ ਆਪਣੇ ਕੋਲ ਰੱਖ ਲਈਆਂ ਕਿ ਇਹ ਗਿੱਲੀਆਂ ਹੋ ਗਈਆਂ ਹਨ ਤੇ ਜਦੋਂ ਸੁੱਕ ਜਾਣਗੀਆਂ ਤਾਂ ਉਹ ਬੈਲੇਟ ਪੇਪਰਾਂ ਵਿਚ ਪਰਚੀਆਂ ਪਾ ਦੇਣਗੇ ਪਰ ਉਨ੍ਹਾਂ ਦੀਆਂ ਵੋਟਾਂ ਬੈਲੇਟ ਪੇਪਰ ਵਿਚ ਨਹੀਂ ਪਾਈਆਂ ਗਈਆਂ।
ਇਸ ਤੋਂ ਇਲਾਵਾ ਇਸ ਕਾਲਜ ਵਿਚ ਸੋਈ ਦੀ ਪ੍ਰਧਾਨਗੀ ਦੀ ਉਮੀਦਵਾਰ ਭਵਯਾ ਨੇ ਵੀ ਵੋਟਾਂ ਵਿਚ ਹੇਰ ਫੇਰ ਹੋਣ ਦੇ ਦੋਸ਼ ਲਾਏ। ਉਸ ਨੂੰ ਇਸ ਵਾਰ ਸਿਰਫ 40 ਵੋਟਾਂ ਹੀ ਮਿਲੀਆਂ ਜਦਕਿ ਜੇਤੂ ਉਮੀਦਾਵਰ ਨੂੰ 1604 ਤੇ ਪ੍ਰਦਰਸ਼ਨ ਕਰਨ ਵਾਲੇ ਉਮੀਦਵਾਰ ਨੂੰ 1393 ਵੋਟਾਂ ਮਿਲੀਆਂ। ਇਹ ਪ੍ਰਦਰਸ਼ਨ ਸਾਢੇ ਤਿੰਨ ਵਜੇ ਸ਼ੁਰੂ ਹੋਇਆ ਸੀ ਜੋ ਸ਼ਾਮ ਸੱਤ ਵਜੇ ਤਕ ਵੀ ਜਾਰੀ ਸੀ। ਦੂਜੇ ਪਾਸੇ ਪ੍ਰਿੰਸੀਪਲ ਡਾ. ਅਜੈ ਸ਼ਰਮਾ ਨੇ ਦੱਸਿਆ ਕਿ ਵੋਟਾਂ ਪਾਰਦਰਸ਼ੀ ਢੰਗ ਨਾਲ ਪਈਆਂ ਹਨ ਤੇ ਵਿਦਿਆਰਥੀਆਂ ਦੇ ਦੋਸ਼ ਬੇਬੁਨਿਆਦ ਹਨ।