ਹੁਕਮਰਾਨ ਧਿਰ ਦੇ ਸਰਪੰਚਾਂ ਦਾ ਸਰਕਾਰ ਖ਼ਿਲਾਫ਼ ਮੋਰਚਾ
ਮੁਹਾਲੀ ਬਲਾਕ ਦੇ ਹੁਕਮਰਾਨ ਧਿਰ ਨਾਲ ਸਬੰਧਿਤ 13 ਸਰਪੰਚਾਂ ਨੇ ਆਪਣੀ ਹੀ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਇਨ੍ਹਾਂ ਸਰਪੰਚਾਂ ਨੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸਰਕਾਰ ’ਤੇ ਉਨ੍ਹਾਂ ਨੂੰ ਮੁਹਾਲੀ ਨਗਰ ਨਿਗਮ ’ਚ ਸ਼ਾਮਿਲ ਕਰਨ ਸਮੇਂ ਹਨੇਰੇ ’ਚ ਰੱਖਣ ਅਤੇ ਧੋਖਾ ਕਰਨ ਦੇ ਦੋਸ਼ ਲਾਏ। ਮੌਲੀ ਬੈਦਵਾਣ ਦੇ ਸਰਪੰਚ ਗੁਰਸੇਵਕ ਸਿੰਘ, ਲਾਂਡਰਾਂ ਦੇ ਸਰਪੰਚ ਜਸਪ੍ਰੀਤ ਸਿੰਘ, ਬਲੌਂਗੀ ਦੇ ਸਰਪੰਚ ਸਤਨਾਮ ਸਿੰਘ, ਬੱਲੋਮਾਜਰਾ ਦੇ ਸਰਪੰਚ ਗੁਰਜਿੰਦਰ ਸਿੰਘ ਨੇ ਕਿਹਾ ਕਿ ਮੁਹਾਲੀ ਨਗਰ ਨਿਗਮ ਵਿਚ ਸ਼ਾਮਿਲ ਕੀਤੇ ਗਏ 15 ਪਿੰਡਾਂ ਵਿਚੋਂ ਕਿਸੇ ਨੇ ਵੀ ਨਿਗਮ ਵਿਚ ਸ਼ਾਮਿਲ ਹੋਣ ਦੀ ਮੰਗ ਨਹੀਂ ਕੀਤੀ ਸੀ ਤੇ ਨਾ ਹੀ ਕਿਸੇ ਪੰਚਾਇਤ ਨੇ ਕੋਈ ਮਤਾ ਪਾਇਆ ਸੀ। ਸਰਪੰਚਾਂ ਨੇ ਕਿਹਾ ਕਿ ਲੋਕਲ ਬਾਡੀਜ਼ ਵਿਭਾਗ ਨੇ ਪਿੰਡਾਂ ਨੂੰ ਸ਼ਾਮਿਲ ਕਰਨ ਸਮੇਂ ਪੰਚਾਇਤਾਂ ਤੋਂ ਇਤਰਾਜ਼ ਤੇ ਸੁਝਾਅ ਵੀ ਨਹੀਂ ਲਏ ਗਏ ਤੇ ਪਿੰਡਾਂ ਤੇ ਪੰਚਾਇਤਾਂ ਦੀ ਹੋਂਦ ਖਤਮ ਕਰਕੇ ਉਨ੍ਹਾਂ ਨੂੰ ਨਗਰ ਨਿਗਮ ਵਿਚ ਸ਼ਾਮਿਲ ਕਰਨ ਦਾ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਕੀਮਤ ’ਤੇ ਆਪਣੇ ਪਿੰਡਾਂ ਦੀ ਹੋਂਦ ਖ਼ਤਮ ਨਹੀਂ ਹੋਣ ਦੇਣਗੇ ਅਤੇ ਰੋਸ ਵਜੋਂ 10 ਦਸੰਬਰ ਨੂੰ 13 ਪਿੰਡਾਂ ਤੋਂ ਇਲਾਵਾ ਹੋਰਨਾਂ ਪਿੰਡਾਂ ਦੇ ਵਸਨੀਕ ਵੀ ਸੋਹਾਣਾ ਦੇ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਚੌਕ ’ਚ ਧਰਨਾ ਲਾਉਣਗੇ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਨੂੰ ਸਾਰੇ ਪਿੰਡਾਂ ਨੂੰ ਨਿਗਮ ’ਚ ਬਾਹਰ ਕੱਢਣ ਦੀ ਅਪੀਲ ਕੀਤੀ। ਇਸ ਮੌਕੇ ਪਿੰਡ ਚਿੱਲਾ, ਸੰਭਾਲਕੀ, ਨਾਨੂੰਮਾਜਰਾ, ਚੱਪੜਚਿੜ੍ਹੀ ਕਲਾਂ, ਚੱਪੜਚਿੜ੍ਹੀ ਖ਼ੁਰਦ, ਰੁੜਕਾ, ਕੰਬਾਲਾ, ਲਖਨੌਰ ਆਦਿ ਦੇ ਸਰਪੰਚ ਵੀ ਹਾਜ਼ਰ ਸਨ।
