ਪਿੰਡ ਦੀ ਫਿਰਨੀ ’ਤੇ ਪਏ ਖੱਡਿਆਂ ਨੂੰ ਸਰਪੰਚ ਨੇ ਇੱਟਾਂ ਨਾਲ ਪੂਰਿਆ
ਟੋਇਆਂ ਕਾਰਨ ਪਿੰਡ ਵਾਸੀਆਂ ਅਤੇ ਰਾਹਗੀਰਾਂ ਨੂੰ ਕਰਨਾ ਪੈ ਰਿਹਾ ਪ੍ਰੇਸ਼ਾਨੀ ਦਾ ਸਾਹਮਣਾ
Advertisement
ਪਿੰਡ ਅਬਰਾਵਾਂ ਦੀ ਫਿਰਨੀ ’ਤੇ ਪਏ ਵੱਡੇ-ਵੱਡੇ ਟੋਇਆਂ ਨੂੰ ਪਿੰਡ ਦੇ ਸਰਪੰਚ ਗੁਰਚਰਨ ਸਿੰਘ ਵੱਲੋਂ ਆਪਣੀ ਜੇਬ ਵਿੱਚੋਂ ਪੈਸੇ ਖਰਚ ਕੇ ਇੱਟਾਂ ਨਾਲ ਭਰਿਆ ਗਿਆ ਤਾਂ ਜੋ ਰਾਹਗੀਰਾਂ ਅਤੇ ਪਿੰਡ ਵਾਸੀਆਂ ਨੂੰ ਰੋਜ਼ਾਨਾ ਹੁੰਦੀ ਪ੍ਰੇਸ਼ਾਨੀ ਤੋਂ ਬਚਾਇਆ ਜਾ ਸਕੇ। ਪਿੰਡ ਦੀ ਫਿਰਨੀ ’ਤੇ ਪਏ ਟੋਏ ਦਿਖਾਉਂਦਿਆਂ ਸਰਪੰਚ ਗੁਰਚਰਨ ਸਿੰਘ ਅਬਰਾਵਾਂ ਨੇ ਦੱਸਿਆ ਕਿ ਪਿੰਡ ਦੀ ਫਿਰਨੀ ’ਤੇ ਬਹੁਤ ਵੱਡੇ-ਵੱਡੇ ਟੋਏ ਪਏ ਹੋਏ ਹਨ। ਉਨ੍ਹਾਂ ਕਿਹਾ ਕਿ ਬਰਸਾਤ ਦੇ ਸੀਜ਼ਨ ਦੌਰਾਨ ਇਨ੍ਹਾਂ ਟੋਇਆਂ ਵਿੱਚ ਪਾਣੀ ਭਰ ਜਾਂਦਾ ਹੈ ਜਿਸ ਕਾਰਨ ਪਿੰਡ ਵਾਸੀਆਂ ਅਤੇ ਇਸ ਫ਼ਿਰਨੀ ਤੋਂ ਲੰਘਣ ਵਾਲੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਪਿੰਡ ਦੀ ਫ਼ਿਰਨੀ ਦੀ ਖਸਤਾ ਹਾਲਤ ਬਾਰੇ ਕਈ ਵਾਰ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਪਰ ਇਸ ਦੇ ਬਾਵਜੂਦ ਵੀ ਇਸ ਮਾਮਲੇ ਬਾਰੇ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਮੱਸਿਆ ਨੂੰ ਦੇਖਦਿਆਂ ਉਨ੍ਹਾਂ ਆਪਣੀ ਜੇਬ ਵਿੱਚੋਂ ਖਰਚ ਕਰਕੇ ਅੱਜ ਇੱਕ ਟਰਾਲੀ ਇੱਟਾਂ ਰੋੜਿਆਂ ਦੀ ਮੰਗਵਾਈ ਅਤੇ ਫ਼ਿਰਨੀ ’ਤੇ ਪਏ ਟੋਇਆਂ ਨੂੰ ਭਰਿਆ ਗਿਆ। ਸਰਪੰਚ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਪਿੰਡ ਅਬਰਾਵਾਂ ਦੀ ਫਿਰਨੀ ਨੂੰ ਤੁਰੰਤ ਠੀਕ ਕਰਾਇਆ ਜਾਵੇ।
Advertisement
Advertisement