ਸਮਿਤੀ ਚੋਣਾਂ : 54 ਉਮੀਦਵਾਰਾਂ ਵਿੱਚੋਂ ਦੋ ਦੇ ਨਾਮਜ਼ਦਗੀ ਕਾਗਜ਼ ਰੱਦ
ਚਮਕੌਰ ਸਾਹਿਬ ਬਲਾਕ ਸਮਿਤੀ ਦੇ 15 ਜ਼ੋਨਾਂ ਦੀ ਚੋਣ ਲਈ ਵੱਖ ਵੱਖ ਪਾਰਟੀਆਂ ਦੇ 54 ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਵੱਲੋਂ ਦਾਖ਼ਲ ਕਰਵਾਏ ਗਏ ਨਾਮਜ਼ਦਗੀ ਪੇਪਰਾਂ ਦੀ ਪੜਤਾਲ ਕਰਨ ਉਪਰੰਤ 2 ਉਮੀਦਵਾਰਾਂ ਦੇ ਨਾਮਜ਼ਦਗੀ ਪੇਪਰ ਰੱਦ ਹੋਣ ਤੇ ਚਮਕੌਰ ਸਾਹਿਬ ਬਲਾਕ ਸਮਿਤੀ ਲਈ ਕੁੱਲ 52 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਡੀਐਮ ਕੰਮ ਰਿਟਰਨਿੰਗ ਅਫ਼ਸਰ ਅਮਰੀਕ ਸਿੰਘ ਸਿੱਧੂ ਨੇ ਦੱਸਿਆ ਕਿ ਰਾਜ ਦੇ ਚੋਣ ਕਮਿਸ਼ਨ ਵੱਲੋਂ ਐਲਾਨ ਕੀਤੇ ਗਏ ਸ਼ਡਿਊਲ ਅਨੁਸਾਰ 4 ਦਸੰਬਰ ਨੂੰ ਸ਼ਾਮ ਤੱਕ ਬਲਾਕ ਸਮਿਤੀ ਚਮਕੌਰ ਸਾਹਿਬ ਦੇ 15 ਜੋਨਾਂ ਲਈ ਵੱਖ-ਵੱਖ ਪਾਰਟੀਆਂ ਦੇ 54 ਉਮੀਦਵਾਰਾਂ ਵੱਲੋਂ ਆਪੋ ਆਪਣੇ ਨਾਮਜ਼ਦਗੀ ਪੇਪਰ ਦਾਖ਼ਲ ਕਰਵਾਏ ਗਏ ਸਨ, ਜਿਨ੍ਹਾਂ ਦੀ ਪੜਤਾਲ ਕਰਨ ਉਪਰੰਤ ਜ਼ੋਨ ਨੰਬਰ 2 ਪਿੰਡ ਬਾਲਸੰਡਾ ਤੋਂ ਇੱਕ ਉਮੀਦਵਾਰ ਅਤੇ ਜ਼ੋਨ ਨੰਬਰ 6 ਪਿੰਡ ਸੰਧੂਆਂ ਤੋਂ ਵੀ ਇੱਕ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਹੁਣ ਚੋਣ ਮੈਦਾਨ ਵਿੱਚ ਕੁੱਲ 52 ਉਮੀਦਵਾਰ ਬਾਕੀ ਰਹਿ ਗਏ ਹਨ ਅਤੇ ਜੋਨ ਪਿੰਡ ਝੱਲੀਆਂ ਕਲਾਂ, ਸੰਧੂਆਂ ਅਤੇ ਪਿੰਡ ਮਾਹਲਾ ਵਿੱਚ ਦੋ - ਦੋ ਉਮੀਦਵਾਰ ਹੀ ਮੈਦਾਨ ਵਿੱਚ ਰਹਿ ਗਏ ਹਨ, ਜਿੱਥੇ ਸਿੱਧਾ ਮੁਕਾਬਲਾ ਹੋਵੇਗਾ।
