ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਚੰਡੀਗੜ੍ਹ ’ਚ ਪਟਾਕਿਆਂ ਦੀ ਵਿਕਰੀ ਸ਼ੁਰੂ

96 ਦੁਕਾਨਦਾਰਾਂ ਨੂੰ ਲਾਇਸੈਂਸ ਮਿਲੇ; 12 ਥਾਵਾਂ ਤੋਂ ਖ਼ਰੀਦਦਾਰੀ ਕਰ ਸਕਣਗੇ ਲੋਕ
ਸੈਕਟਰ 29 ਵਿੱਚੋਂ ਪਟਾਕੇ ਖ਼ਰੀਦਦੇ ਹੋਏ ਲੋਕ। -ਫੋਟੋ: ਵਿੱਕੀ ਘਾਰੂ
Advertisement

ਸਿਟੀ ਬਿਊਟੀਫੁਲ ਚੰਡੀਗੜ੍ਹ ਵਿੱਚ ਦੀਵਾਲੀ ਦੇ ਤਿਉਹਾਰ ਸਬੰਧੀ ਸਾਰੇ ਬਾਜ਼ਾਰ ਸਜ ਗਏ ਹਨ। ਇਸ ਦੇ ਨਾਲ ਹੀ ਸ਼ਹਿਰ ਵਿੱਚ 12 ਥਾਵਾਂ ’ਤੇ ਪਟਾਕਿਆਂ ਦੀ ਵਿਕਰੀ ਵੀ ਅੱਜ ਤੋਂ ਸ਼ੁਰੂ ਹੋ ਗਈ ਹੈ। ਇੱਥੇ 96 ਦੁਕਾਨਦਾਰਾਂ ਵੱਲੋਂ ਪਟਾਕਿਆਂ ਦੀਆਂ ਆਰਜ਼ੀ ਦੁਕਾਨਾਂ ਲਗਾਈਆਂ ਗਈਆਂ ਹਨ। ਸ਼ਹਿਰ ਵਿੱਚ ਪਟਾਕਿਆਂ ਦੀਆਂ ਦੁਕਾਨਾਂ ਲੱਗਣ ਦੇ ਨਾਲ ਹੀ ਵੱਡੀ ਗਿਣਤੀ ਵਿੱਚ ਲੋਕਾਂ ਨੇ ਖ਼ਰੀਦਦਾਰੀ ਵੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ ਪਟਾਕੇ ਵੇਚਣ ਵਾਲਿਆਂ ’ਤੇ ਵੀ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਿਨਾਂ ਲਾਇਸੈਂਸ ਤੋਂ ਪਟਾਕੇ ਵੇਚਣ ਵਾਲੇ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।

ਜਾਣਕਾਰੀ ਅਨੁਸਾਰ ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਸਿਰਫ਼ ਦੋ ਘੰਟੇ ਅੱਠ ਤੋਂ 10 ਵਜੇ ਤੱਕ ਪਟਾਕੇ ਚਲਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਦਰਜਨ ਥਾਵਾਂ ’ਤੇ 96 ਜਣਿਆਂ ਨੂੰ ਪਟਾਕੇ ਵੇਚਣ ਦੀ ਪ੍ਰਵਾਨਗੀ ਦਿੱਤੀ ਹੈ। ਇਨ੍ਹਾਂ ਦੁਕਾਨਦਾਰਾਂ ਨੂੰ ਅੱਗਜ਼ਨੀ ਦੀਆਂ ਘਟਨਾਵਾਂ ਤੋਂ ਬਚਾਅ ਲਈ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ ਤੇ ਫਾਇਰ ਸਿਲੰਡਰ ਰੱਖਣ ਦੇ ਹੁਕਮ ਦਿੱਤੇ ਗਏ ਹਨ। ਦੁਕਾਨਦਾਰਾਂ ਵੱਲੋਂ ਪ੍ਰਸ਼ਾਸਨ ਦੇ ਆਦੇਸ਼ਾਂ ਦੀ ਪਾਲਣਾ ਕੀਤੀ ਜਾ ਰਹੀ ਹੈ।

Advertisement

ਜ਼ਿਕਰਯੋਗ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸੈਕਟਰ-43 ਦੇ ਦਸਹਿਰਾ ਗਰਾਊਂਡ ਵਿੱਚ 20 ਦੁਕਾਨਾਂ, ਸੈਕਟਰ-30 ਵਿੱਚ ਆਰ ਬੀ ਆਈ ਕਲੋਨੀ ਦੇ ਨਜ਼ਦੀਕ ਦਸਹਿਰਾ ਗਰਾਊਂਡ ਵਿੱਚ ਪੰਜ ਦੁਕਾਨਾਂ, ਸੈਕਟਰ-24 ਵਿੱਚ ਗੁਜਰਾਤ ਭਵਨ ਦੇ ਸਾਹਮਣੇ ਛੇ ਦੁਕਾਨਾਂ, ਮਨੀਮਾਜਰਾ ਵਿੱਚ ਫਾਇਰ ਬ੍ਰਿਗੇਡ ਦਫ਼ਤਰ ਦੇ ਸਾਹਮਣੇ 12 ਦੁਕਾਨਾਂ, ਸੈਕਟਰ-46 ਵਿੱਚ ਪੁਰਾਣੀ ਰੇਹੜੀ ਮਾਰਕੀਟ ਦੇ ਨਜ਼ਦੀਕ 11 ਦੁਕਾਨਾਂ, ਸੈਕਟਰ-28 ਵਿੱਚ ਗੁਰਦੁਆਰਾ ਨਾਨਕਸਰ ਸਾਹਿਬ ਦੇ ਪਿਛਲੇ ਪਾਸੇ ਮੈਦਾਨ ਵਿੱਚ ਪੰਜ ਦੁਕਾਨਾਂ, ਸੈਕਟਰ-49 ਵਿੱਚ ਰਿਆਨ ਇੰਟਰਨੈਸ਼ਨਲ ਪਬਲਿਕ ਸਕੂਲ ਨਜ਼ਦੀਕ ਸਬਜ਼ੀ ਮੰਡੀ ਗਰਾਊਂਡ ਵਿੱਚ ਸੱਤ ਦੁਕਾਨਾਂ, ਸੈਕਟਰ 33-ਸੀ ਵਿੱਚ ਪੰਜ ਦੁਕਾਨਾਂ ਲਗਾਉਣ ਦੀ ਪ੍ਰਵਾਨਗੀ ਦਿੱਤੀ ਹੈ। ਇਸੇ ਤਰ੍ਹਾਂ ਸੈਕਟਰ-40 ਦੇ ਕਮਿਊਨਿਟੀ ਸੈਂਟਰ ਦੇ ਨਜ਼ਦੀਕ ਰਾਮਲੀਲਾ ਗਰਾਊਂਡ ਵਿੱਚ ਪੰਜ ਦੁਕਾਨਾਂ, ਰਾਮਦਰਬਾਰ ਵਿੱਚ ਸਬਜ਼ੀ ਮੰਡੀ ਗਰਾਊਂਡ ਵਿੱਚ 10 ਦੁਕਾਨਾਂ, ਸੈਕਟਰ-29 ਵਿੱਚ ਸਬਜ਼ੀ ਮੰਡੀ ਗਰਾਊਂਡ ਵਿੱਚ ਪੰਜ ਦੁਕਾਨਾਂ ਅਤੇ ਸੈਕਟਰ 37-ਸੀ ਵਿੱਚ ਮੰਦਰ ਦੇ ਨਾਲ ਗਰਾਊਂਡ ਵਿੱਚ ਪੰਜ ਦੁਕਾਨਾਂ ਲੱਗੀਆਂ ਹਨ।

 

ਭੀੜ ਵਾਲੇ ਬਾਜ਼ਾਰਾਂ ’ਚ ਫਾਇਰ ਬ੍ਰਿਗੇਡ ਤਾਇਨਾਤ

ਦੀਵਾਲੀ ਦੇ ਤਿਉਹਾਰ ਮੌਕੇ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਪੂਰੀ ਤਰ੍ਹਾਂ ਚੌਕਸ ਦਿਖਾਈ ਦੇ ਰਹੇ ਹਨ। ਸ਼ਹਿਰ ’ਚ ਸੱਤ ਮੁੱਖ ਥਾਵਾਂ ’ਤੇ 24 ਘੰਟੇ ਮੁਲਾਜ਼ਮ ਤਾਇਨਾਤ ਰਹਿਣਗੇ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸੈਕਟਰ-19 ’ਚ ਸਦਰ ਬਾਜ਼ਾਰ, ਸੈਕਟਰ-22 ’ਚ ਅਰੋਮਾ ਲਾਈਟ ਪੁਆਇੰਟ, ਹਾਊਸਿੰਗ ਬੋਰਡ ਚੌਕ ਤੇ ਮਨੀਮਾਜਰਾ ਮੁੱਖ ਬਾਜ਼ਾਰ, ਸੈਕਟਰ-15 ਪਟੇਲ ਮਾਰਕੀਟ, ਸੈਕਟਰ-17 ਪਲਾਜ਼ਾ, ਅਨਾਜ ਮੰਡੀ ਸੈਕਟਰ-26 ਅਤੇ ਇੰਡਸਟਰੀਅਲ ਏਰੀਆ ਵਿੱਚ ਏਲਾਂਤੇ ਮਾਲ ਦੇ ਨਜ਼ਦੀਕ ਤਾਇਨਾਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਸ਼ਹਿਰ ਦੇ ਭੀੜ ਅਤੇ ਰਿਹਾਈਸ਼ੀ ਇਲਾਕਿਆਂ ਵਿੱਚ ਮੋਟਰਸਾਈਕਲਾਂ ਰਾਹੀ ਗਸ਼ਤ ਕੀਤੀ ਜਾਵੇਗੀ।

Advertisement
Show comments