ਸੈਣੀ ਵੱਲੋਂ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਵੀਡੀਓ ਕਾਨਫਰੰਸ ਰਾਹੀਂ ਸਾਰੇ ਡਿਪਟੀ ਕਮਿਸ਼ਨਰਾਂ ਤੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਆਉਣ ਵਾਲੇ ਮਹੱਤਵਪੂਰਨ ਰਾਜ ਸਮਾਰੋਹਾਂ ਦੀ ਤਿਆਰੀ ਦੀ ਜਾਣਕਾਰੀ ਲਈ ਤੇ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ।
ਉਨ੍ਹਾਂ ਨੇ ਸਰਦਾਰ ਵੱਲਭਭਾਈ ਪਟੇਲ ਦੀ 150ਵੀਂ ਜੈਅੰਤੀ, ਗੁਰੂ ਤੇਗ ਬਹਾਦੁਰ ਜੀ ਦੇ 350ਵੇਂ ਸ਼ਹੀਦੀ ਦਿਵਸ ਤੇ ‘ਵੰਦੇ ਮਾਤਰਮ’ ਗੀਤ ਲਾਂਚ ਸਮਾਰੋਹ ਬਾਰੇ ਸਮੀਖਿਆ ਕੀਤੀ। ਸ੍ਰੀ ਸੈਣੀ ਦੱਸਿਆ ਕਿ 31 ਅਕਤੂਬਰ ਨੂੰ ਸਰਦਾਰ ਵੱਲਭ ਭਾਈ ਪਟੇਲ ਦੀ ਜੈਅੰਤੀ ਨੂੰ ਰਾਸ਼ਟਰੀ ਏਕਤਾ ਦਿਵਸ ਵਜੋਂ ਮਨਾਇਆ ਜਾਵੇਗਾ। ਰਾਜ ਪੱਧਰੀ ਮੁੱਖ ਸਮਾਰੋਹ ਫਤਿਹਾਬਾਦ ਵਿੱਚ ਹੋਵੇਗਾ। 1 ਨਵੰਬਰ ਨੂੰ ਹਰਿਆਣਾ ਦਿਵਸ ਮੌਕੇ ਸੱਭਿਆਚਾਰਕ ਪ੍ਰੋਗਰਾਮ, ਗੁਰੂ ਤੇਗ ਬਹਾਦੁਰ ਜੀ ਦੇ ਸ਼ਹੀਦੀ ਪੁਰਬ ’ਤੇ ਖੂਨਦਾਨ ਕੈਂਪ ਤੇ ਹੋਰ ਗਤੀਵਿਧੀਆਂ ਹੋਣਗੀਆਂ। 7 ਨਵੰਬਰ ਨੂੰ “ਵੰਦੇ ਮਾਤਰਮ” ਗੀਤ ਲਾਂਚ ਸਮਾਰੋਹ ਵੀ ਆਯੋਜਿਤ ਕੀਤਾ ਜਾਵੇਗਾ। ਮੀਟਿੰਗ ਵਿੱਚ ਐਸ.ਡੀ.ਐਮ. ਦਰਸ਼ਨ ਕੁਮਾਰ, ਐਸ.ਡੀ.ਐਮ. ਵਿਨੇਸ਼ ਕੁਮਾਰ, ਸੀ.ਈ.ਓ. ਜ਼ਿਲ੍ਹਾ ਪੰਚਾਇਤ ਗਗਨਦੀਪ, ਡੀ.ਡੀ.ਪੀ.ਓ. ਦਿਨੇਸ਼ ਸ਼ਰਮਾ, ਡੀ.ਐੱਫ.ਏ.ਸੀ. ਅਪਰ ਤਿਵਾਰੀ, ਡੀ.ਐਮ. ਹੈਫਡ ਦੇਵੇਂਦਰ ਸਿੰਘ, ਜੀ.ਐਮ. ਰੋਡਵੇਜ਼ ਅਸ਼ਵਨੀ ਡੋਗਰਾ, ਜ਼ਿਲ੍ਹਾ ਸ਼ਿੱਖਿਆ ਅਧਿਕਾਰੀ ਸੁਧੀਰ ਕਾਲੜਾ, ਖੇਡ ਵਿਭਾਗ ਦੇ ਰਾਮ ਸਵਰੂਪ ਤੇ ਏ.ਡੀ.ਆਈ.ਓ. ਸ਼ੁਭਮ ਜੋਧਾ ਹਾਜ਼ਰ ਸਨ।
