ਸੈਣੀ ਵੱਲੋਂ ਸੰਜੀਵ ਵਸ਼ਿਸ਼ਟ ਦੇ ਸਨਮਾਨ ਲਈ ਸਮਾਰੋਹ
ਹਲਕਾ ਡੇਰਾਬੱਸੀ ਦੇ ਸੀਨੀਅਰ ਭਾਜਪਾ ਆਗੂ ਗੁਰਦਰਸ਼ਨ ਸਿੰਘ ਸੈਣੀ ਨੇ ਅੱਜ ਭਾਜਪਾ ਦੇ ਸਰਬਸੰਮਤੀ ਨਾਲ ਜ਼ਿਲ੍ਹਾ ਮੁਹਾਲੀ ਦੇ ਦੂਜੀ ਵਾਰ ਪ੍ਰਧਾਨ ਬਣੇ ਸੰਜੀਵ ਵਸ਼ਿਸ਼ਟ ਦੇ ਸਵਾਗਤ ਅਤੇ ਸਨਮਾਨ ਲਈ ਸਮਾਰੋਹ ਕਰਵਾਇਆ। ਸ੍ਰੀ ਸੈਣੀ ਨੇ ਕਿਹਾ ਕਿ ਮੁੜ ਤੋਂ ਪ੍ਰਧਾਨ ਬਣਾਉਣ ਦਾ ਇਹ ਫ਼ੈਸਲਾ ਉਨ੍ਹਾਂ ਦੀ ਸ਼ਾਨਦਾਰ ਅਗਵਾਈ ਵਜੋਂ ਲਿਆ ਗਿਆ ਹੈ, ਜਿਨ੍ਹਾਂ ਪੂਰੇ ਜ਼ਿਲ੍ਹੇ ਵਿੱਚ ਪਾਰਟੀ ਦੀ ਪਕੜ ਨੂੰ ਮਜ਼ਬੂਤ ਕੀਤਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਵਸ਼ਿਸ਼ਟ ਦੀ ਦੁਬਾਰਾ ਨਿਯੁਕਤੀ ਦਾ ਸਿਹਰਾ ਉਨ੍ਹਾਂ ਦੇ ਵਰਕਰਾਂ ਨਾਲ ਗਹਿਰੇ ਰਿਸ਼ਤੇ ਨੂੰ ਜਾਂਦਾ ਹੈ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸਿਸ਼ਟ ਨੇ ਕਿਹਾ ਕਿ ਪਿਛਲੇ ਸਾਲ ਹੋਈਆਂ ਲੋਕ ਸਭਾ ਚੋਣਾਂ ਵਿੱਚ ਮੁਹਾਲੀ ਜ਼ਿਲ੍ਹੇ ਵਿੱਚ ਭਾਜਪਾ ਨੇ ਵੋਟ ਫ਼ੀਸਦੀ ਵਿੱਚ ਵੱਡਾ ਵਾਧਾ ਦਰਜ ਕੀਤਾ ਹੈ। ਸ੍ਰੀ ਵਸ਼ਿਸ਼ਟ ਨੇ ਇਕ ਸੁਆਲ ਦੇ ਜਵਾਬ ਵਿਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਸਮਝੌਤਾ ਕਿਸੇ ਕੀਮਤ ’ਤੇ ਨਹੀਂ ਹੋਵੇਗਾ ਅਤੇ 2027 ਵਿਚ ਭਾਜਪਾ ਇਕੱਲਿਆਂ ਹੀ ਪੰਜਾਬ ਵਿਚ ਸਰਕਾਰ ਬਣਾਵੇਗੀ।
ਇਸ ਮੌਕੇ ਪਰਮਪਾਲ ਕੌਰ ਮਲੂਕਾ, ਗੁਰਪ੍ਰੀਤ ਸਿੰਘ ਮਲੂਕਾ, ਮਨਪ੍ਰੀਤ ਸਿੰਘ ਬੰਨੀ ਸੰਧੂ, ਸੰਜੀਵ ਖੰਨਾ, ਸੁਸ਼ੀਲ ਰਾਣਾ, ਵਿਕਰਾਂਤ ਪਵਾਰ, ਕਮਲਦੀਪ ਸਿੰਘ ਸੈਣੀ ਖਰੜ ਆਦਿ ਮੌਜੂਦ ਸਨ।