ਰੂਪਾ ਸੋਹਾਣਾ ਵੱਲੋਂ ਕਬੱਡੀ ਕੱਪ ਕਰਵਾਉਣ ਦਾ ਐਲਾਨ
ਬੈਦਵਾਣ ਸਪੋਰਟਸ ਕਲੱਬ ਸੋਹਾਣਾ ਦੇ ਸਰਪ੍ਰਸਤ ਅਤੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਗਾਇਕ ਮਨਕੀਰਤ ਔਲਖ ਨਾਲ ਟਰੈਕਟਰ ਵੰਡਣ ਦੀਆਂ ਸੇਵਾਵਾਂ ਵਿਚ ਯੋਗਦਾਨ ਪਾ ਰਹੇ ਸਮਾਜ ਸੇਵੀ ਨੌਜਵਾਨ ਰੁਪਿੰਦਰ ਸਿੰਘ ਰੂਪਾ ਸੋਹਾਣਾ ਨੇ ਕਿਹਾ ਹੈ ਕਿ ਉਹ ਮੁਹਾਲੀ ਹਲਕੇ ਵਿਚ ਵੱਡੇ ਪੱਧਰ ’ਤੇ ਸਮਾਜਿਕ ਅਤੇ ਖੇਡ ਗਤੀਵਿਧੀਆਂ ਚਲਾਉਣਗੇ।
ਉਨ੍ਹਾਂ ਦੱਸਿਆ ਕਿ ਕਲੱਬ ਵੱਲੋਂ 12 ਤੋਂ 15 ਦਸੰਬਰ ਤੱਕ ਕਬੱਡੀ ਕੱਪ ਕਰਾਇਆ ਜਾਵੇਗਾ। ਇਸ ਵਿਚ ਵਧੀਆ ਜਾਫ਼ੀ ਅਤੇ ਧਾਵੀ ਨੂੰ ਟਰੈਕਟਰ ਇਨਾਮ ਵਜੋਂ ਦਿੱਤੇ ਜਾਣਗੇ। ਜੇਤੂ ਟੀਮ ਨੂੰ ਸਾਢੇ ਤਿੰਨ ਲੱਖ ਤੇ ਉਪ ਜੇਤੂ ਟੀਮ ਨੂੰ ਢਾਈ ਲੱਖ ਦਾ ਇਨਾਮ ਦਿੱਤਾ ਜਾਵੇਗਾ। ਲੜਕੀਆਂ ਦੇ ਕਬੱਡੀ ਮੁਕਾਬਲਿਆਂ ਦੀਆਂ ਬਿਹਤਰੀਨ ਖ਼ਿਡਾਰਨਾਂ ਨੂੰ ਐਕਟਿਵਾ ਇਨਾਮ ਵਿਚ ਦਿੱਤੀ ਜਾਵੇਗੀ ਅਤੇ ਸਵਰਗੀ ਕੌਮਾਂਤਰੀ ਕਬੱਡੀ ਖਿਡਾਰੀ ਪੰਮਾ ਸੋਹਾਣਾ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਹਲਕੇ ਵਿਚ ਨਵਜੰਮੀਆਂ ਧੀਆਂ ਦੀ 10 ਜਨਵਰੀ ਨੂੰ ਵੱਡੇ ਪੱਧਰ ’ਤੇ ਲੋਹੜੀ ਮਨਾਈ ਜਾਵੇਗੀ ਅਤੇ ਫਰਵਰੀ ਵਿਚ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਵਿਆਹ ਸਮਾਗਮ ਰਚਾਏ ਜਾਣਗੇ।
ਇਸ ਮੌਕੇ ਕੌਂਸਲਰ ਹਰਜੀਤ ਸਿੰਘ ਭੋਲੂ, ਕਬੱਡੀ ਪ੍ਰਮੋਟਰ ਮਹਿੰਦਰ ਸੋਹਾਣਾ, ਪ੍ਰਧਾਨ ਰੂਬਲ ਸੋਹਾਣਾ, ਸੀਨੀਅਰ ਮੀਤ ਪ੍ਰਧਾਨ ਜਯੋਤਾ ਸੋਹਾਣਾ, ਖਜ਼ਾਨਚੀ ਰਮਨ ਸੋਹਾਣਾ, ਸੈਕਟਰੀ ਗੁਰਜੰਟ ਸੰਟੀ ਸੋਹਾਣਾ, ਸਿਮਸੋਨੂ ਸੋਹਾਣਾ, ਗੋਲਾ ਸੋਹਾਣਾ, ਜਾਰੀ ਸੋਹਾਣਾ, ਹਰਸੂ ਸੋਹਾਣਾ, ਬੱਲੂ ਸੋਹਾਣਾ, ਜਗਦੀਪ ਸਰਪੰਚ, ਜਿੰਮੀ ਸੋਹਾਣਾ, ਗੁਰਵਿੰਦਰ ਟਿਵਾਣਾ, ਅਰਵਿੰਦਰ ਜ਼ੈਲਦਾਰ, ਕਸ਼ਿਸ਼ ਵਰਮਾ, ਗੁਰਦੀਪ ਦੇਸੂ ਮਾਜਰਾ, ਦਿਵਜੋਤ ਚੰਡੀਗੜ੍ਹ, ਆਸ਼ੂਮਾਨ ਪ੍ਰਿੰਸ ਮੋਦਗਿੱਲ, ਅਰਸ਼ਦੀਪ ਔਜਲਾ, ਸਿਮਰਨ ਸਿੰਘ ਹੁੰਦਲ ਚੱਪੜਚਿੜੀ ਮੌਜੂਦ ਸਨ।
