ਮੁਹਾਲੀ ’ਚ 728 ਕਰੋੜ ਦੀ ਬਿਜਲੀ ਸਪਲਾਈ ਸੁਧਾਰ ਯੋਜਨਾ ਸ਼ੁਰੂ
ਵਿਧਾਇਕ ਕੁਲਵੰਤ ਸਿੰਘ ਨੇ ਅੱਜ ਜ਼ਿਲ੍ਹਾ ਮੁਹਾਲੀ ਲਈ 728 ਕਰੋੜ ਰੁਪਏ ਦੀ ਬਿਜਲੀ ਆਊਟੇਜ ਰਿਡਕਸ਼ਨ (ਵਿਆਪਕ ਬਿਜਲੀ ਸਪਲਾਈ ਸੁਧਾਰ) ਯੋਜਨਾ ਦੀ ਸ਼ੁਰੂਆਤ ਕੀਤੀ। ਇਹ ਸਮਾਗਮ 66 ਕੇ ਵੀ ਗਰਿੱਡ ਸਬ-ਸਟੇਸ਼ਨ, ਆਈ ਟੀ ਸਿਟੀ, ਮੁਹਾਲੀ ਵਿੱਚ ਆਯੋਜਿਤ ਕੀਤਾ ਗਿਆ, ਜਿੱਥੇ ਇੱਕ ਵਧੀਕ 31.5 ਐਮ ਵੀ ਏ ਪਾਵਰ ਟ੍ਰਾਂਸਫਾਰਮਰ ਦਾ ਵੀ ਉਦਘਾਟਨ ਕੀਤਾ ਗਿਆ। ਵਿਧਾਇਕ ਕੁਲਵੰਤ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਮੁਹਾਲੀ ਵਿੱਚ 728 ਕਰੋੜ ਰੁਪਏ ਦਾ ਨਿਵੇਸ਼ ਬਿਜਲੀ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਇੱਕ ਵੱਡੀ ਪੁਲਾਂਘ ਹੈ, ਜੋ ਨਿਰਵਿਘਨ ਬਿਜਲੀ ਸਪਲਾਈ, ਬਿਹਤਰ ਵੋਲਟੇਜ਼ ਸਥਿਰਤਾ ਅਤੇ ਘਰੇਲੂ, ਵਪਾਰਕ ਅਤੇ ਉਦਯੋਗਿਕ ਖਪਤਕਾਰਾਂ ਨੂੰ ਬਿਹਤਰ ਸੇਵਾ ਪ੍ਰਦਾਨ ਕਰਨ ਨੂੰ ਯਕੀਨੀ ਬਣਾਏਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਕੰਮਾਂ ਵਿੱਚ 172.2 ਕਰੋੜ ਰੁਪਏ ਦੇ ਫੀਡਰ ਡੀਲੋਡਿੰਗ ਪ੍ਰਾਜੈਕਟ, 35.5 ਕਰੋੜ ਰੁਪਏ ਦੀ ਲਾਗਤ ਵਾਲੇ ਨਵੇਂ ਡਿਸਟ੍ਰੀਬਿਊਸ਼ਨ ਟ੍ਰਾਂਸਫਾਰਮਰਾਂ ਦੀ ਸਥਾਪਨਾ, 32.6 ਕਰੋੜ ਰੁਪਏ ਦੇ ਮੌਜੂਦਾ ਡਿਸਟ੍ਰੀਬਿਊਸ਼ਨ ਟਰਾਂਸਫਾਰਮਰਾਂ ਦਾ ਵਾਧਾ, 354.2 ਕਰੋੜ ਰੁਪਏ ਦੇ ਨਵੇਂ 66 ਕੇ ਵੀ ਅਤੇ 220 ਕੇਵੀ ਸਬਸਟੇਸ਼ਨਾਂ ਦੀ ਸਥਾਪਨਾ, 62.9 ਕਰੋੜ ਰੁਪਏ ਦੀ ਲਾਗਤ ਵਾਲੇ ਪਾਵਰ ਟਰਾਂਸਫਾਰਮਰਾਂ ਦਾ ਵਾਧਾ ਅਤੇ 70.6 ਕਰੋੜ ਰੁਪਏ ਦੇ 66 ਕੇਵੀ ਲਾਈਨ ਮਜ਼ਬੂਤੀ ਦੇ ਕੰਮ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਕਈ ਨਵੇਂ ਪ੍ਰਾਜੈਕਟ ਅਤੇ ਰਿਹਾਇਸ਼ੀ ਕਲੋਨੀਆਂ ਨੂੰ ਪਾਵਰ ਨੈੱਟਵਰਕ ਨਾਲ ਜੋੜਿਆ ਗਿਆ ਹੈ। ਉਨ੍ਹਾਂ ਦੱਸਿਆ ਢਾਂਚੇ ਦੇ ਵਿਸਥਾਰ ਦੇ ਹਿੱਸੇ ਵਜੋਂ, 14 ਨਵੇਂ ਗਰਿੱਡ ਸਬ-ਸਟੇਸਨ ਸਥਾਪਿਤ ਕੀਤੇ ਜਾ ਰਹੇ ਹਨ। ਮੁਹਾਲੀ ਸਰਕਲ ਦੇ ਨਿਗਰਾਨ ਇੰਜਨੀਅਰ, ਐੱਚ ਐੱਸ ਓਬਰਾਏ ਨੇ ਦੱਸਿਆ ਕਿ ਮੁਹਾਲੀ ਨੂੰ ਪੀ ਐਸ ਪੀ ਸੀ ਐਲ ਦੇ ਨਵੇਂ ਬਣੇ ਪੂਰਬੀ ਜ਼ੋਨ ਦੇ ਮੁੱਖ ਦਫ਼ਤਰ ਵਜੋਂ ਮਨੋਨੀਤ ਕੀਤਾ ਗਿਆ ਹੈ। ਇਸ ਮੌਕੇ ਕਾਰਜਕਾਰੀ ਇੰਜ ਨੀਅਰ, ਆਈ ਟੀ ਸਿਟੀ, ਸ਼ਮਿੰਦਰ ਸਿੰਘ, ਕਾਰਜਕਾਰੀ ਇੰਜਨੀਅਰ, ਤਰਨਜੀਤ ਸਿੰਘ ਮੌਜੂਦ ਸਨ।