ਪਿੰਡ ਬਡਹੇੜੀ ਵਿੱਚ ਮੀਂਹ ਕਰ ਕੇ ਮਕਾਨ ਦੀ ਛੱਤ ਡਿੱਗੀ, ਦੋ ਜ਼ਖ਼ਮੀ
ਜਾਣਕਾਰੀ ਅਨੁਸਾਰ ਪਿੰਡ ਬਡਹੇੜੀ ਵਿੱਚ ਰੋਜ਼ਾਨਾ ਦਿਹਾੜੀ ਕਰ ਕੇ ਘਰ ਦਾ ਗੁਜ਼ਾਰਾ ਕਰਨ ਵਾਲਾ ਇਹ ਪਰਿਵਾਰ ਬਾਲਿਆਂ ਦੀ ਛੱਤ ਹੇਠਾਂ ਰਹਿੰਦਾ ਸੀ ਜੋ ਮੀਂਹ ਕਾਰਨ ਡਿੱਗ ਗਈ। ਇਸ ਘਟਨਾ ਤੋਂ ਬਾਅਦ ਆਲੇ-ਦੁਆਲੇ ਕੱਚੀਆਂ ਛੱਤਾਂ ਹੇਠਾਂ ਰਹਿਣ ਵਾਲੇ ਲੋਕਾਂ ਦੇ ਮਨਾਂ ਵਿੱਚ ਵੀ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਦੂਜੇ ਪਾਸੇ, ਲੰਘੀ ਸਾਰੀ ਰਾਤ ਪਏ ਮੀਂਹ ਕਰ ਕੇ ਅੱਜ ਦਿਨ ਸਮੇਂ ਮੌਸਮ ਖੁਸ਼ਗਵਾਰ ਰਿਹਾ। ਇਸ ਦੌਰਾਨ ਲੋਕਾਂ ਨੇ ਅਤਿ ਦੀ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਹੈ। ਮੌਸਮ ਵਿਭਾਗ ਅਨੁਸਾਰ ਚੰਡੀਗੜ੍ਹ ਵਿੱਚ 24 ਘੰਟਿਆਂ ਦੌਰਾਨ 38.9 ਐੱਮਐੱਮ ਮੀਂਹ ਪਿਆ ਹੈ। ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 31.8 ਡਿਗਰੀ ਸੈਲਸੀਅਸ ਦਰਜ ਕੀਤਾ ਹੈ ਜੋ ਆਮ ਨਾਲੋਂ 1.7 ਡਿਗਰੀ ਸੈਲਸੀਅਸ ਘੱਟ ਰਿਹਾ ਹੈ। ਇਸੇ ਤਰ੍ਹਾਂ ਘੱਟ ਤੋਂ ਘੱਟ ਤਾਪਮਾਨ ਵੀ 24.3 ਡਿਗਰੀ ਸੈਲਸੀਅਸ ਦਰਜ ਕੀਤਾ ਹੈ ਜੋ ਆਮ ਨਾਲੋਂ 2.1 ਡਿਗਰੀ ਸੈਲਸੀਅਸ ਘੱਟ ਰਿਹਾ ਹੈ। ਮੌਸਮ ਵਿਗਿਆਨੀਆਂ ਨੇ ਚੰਡੀਗੜ੍ਹ ਵਿੱਚ ਅਗਲੇ ਤਿੰਨ ਦਿਨ ਰੁਕ-ਰੁਕ ਕੇ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੌਰਾਨ 13, 14 ਤੇ 15 ਅਗਸਤ ਨੂੰ ਸ਼ਹਿਰ ਵਿੱਚ ਮੀਂਹ ਪੈ ਸਕਦਾ ਹੈ।
ਸਿਟੀ ਬਿਊਟੀਫੁਲ ਵਿੱਚ ਮੌਸਮ ਖੁਸ਼ਗਵਾਰ ਹੋਣ ਕਰ ਕੇ ਸਾਰਾ ਦਿਨ ਸੁਖਨਾ ਝੀਲ, ਰੌਕ ਗਾਰਡਨ ਤੇ ਹੋਰ ਘੁੰਮਣ ਵਾਲੀਆ ਥਾਵਾਂ ’ਤੇ ਸੈਲਾਨੀਆਂ ਦੀ ਭੀੜ ਲੱਗੀ ਰਹੀ ਹੈ। ਇਸ ਤੋਂ ਇਲਾਵਾ ਵੀ ਮੌਸਮ ਖੁਸ਼ਗਵਾਰ ਹੋਣ ਕਰ ਕੇ ਸ਼ਹਿਰ ਦੀਆਂ ਮਾਰਕੀਟਾਂ ਵਿੱਚ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਹੋਏ ਸਨ।
ਮੌਨਸੂਨ ਸੀਜ਼ਨ ਵਿੱਚ 19.1 ਫ਼ੀਸਦ ਵੱਧ ਪਿਆ ਮੀਂਹ
ਸਿਟੀ ਬਿਊਟੀਫੁਲ ਚੰਡੀਗੜ੍ਹ ਵਿੱਚ ਮੌਨਸੂਨ ਸੀਜ਼ਨ ਦੌਰਾਨ ਆਮ ਨਾਲੋਂ 19.1 ਫ਼ੀਸਦ ਵੱਧ ਮੀਂਹ ਪਿਆ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਪਹਿਲੀ ਜੂਨ ਤੋਂ ਲੈ ਕੇ ਹੁਣ ਤੱਕ 658.2 ਐੱਮਐੱਮ ਮੀਂਹ ਪਿਆ ਹੈ, ਜੋ ਆਮ ਨਾਲੋਂ 19.1 ਫ਼ੀਸਦ ਵੱਧ ਹੈ। ਹਾਲਾਂਕਿ ਚੰਡੀਗੜ੍ਹ ਵਿੱਚ ਆਮ ਤੌਰ ’ਤੇ 580 ਤੋਂ 590 ਐੱਮਐੱਮ ਦੇ ਵਿਚਕਾਰ ਮੀਂਹ ਪੈਂਦਾ ਹੈ।