ਰਿਪੁਦਮਨ ਦੀ ਪੁਸਤਕ ‘ਪੰਛੀ ਝਾਤ’ ਲੋਕ ਅਰਪਣ
ਐੱਸਏਐੱਸ ਨਗਰ(ਮੁਹਾਲੀ), 15 ਜੂਨ
ਪ੍ਰਗਤੀਸ਼ੀਲ ਲੇਖਕ ਸੰਘ, ਚੰਡੀਗੜ੍ਹ ਅਤੇ ਸਵਪਨ ਫਾਊਂਡੇਸ਼ਨ, ਪਟਿਆਲਾ ਵੱਲੋਂ ਉੱਘੇ ਬਜ਼ੁਰਗ ਲੇਖਕ ਰਿਪੁਦਮਨ ਸਿੰਘ ਰੂਪ ਦਾ ਯਾਤਰਾ ਸੰਸਮਰਣ ‘ਪੰਛੀ ਝਾਤ’ ਉਨ੍ਹਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਦੇ ਗ੍ਰਹਿ ਮੁਹਾਲੀ ਵਿਖੇ ਲੋਕ-ਅਰਪਣ ਕੀਤਾ ਗਿਆ।
ਇਸ ਸਮਾਗਮ ਵਿੱਚ ਹਫ਼ਤਾਵਾਰੀ ਆਨਲਾਈਨ ਪਰਚੇ ‘ਸੈਵਨਥ ਰਿਵਰ’ ਦੇ ਸੰਪਾਦਕ ਕੈਲਗਰੀ ਵਾਸੀ ਹਰਕੰਵਲ ਸਾਹਿਲ ਅਤੇ ਰੰਗਮੰਚ ਤੇ ਫ਼ਿਲਮਾਂ ਦੇ ਪ੍ਰਸਿੱਧ ਅਦਾਕਾਰ ਕੁਕੂ ਦੀਵਾਨ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਸੰਸਥਾ ਦੇ ਚੰਡੀਗੜ੍ਹ ਦੇ ਪ੍ਰਧਾਨ ਡਾ. ਗੁਰਮੇਲ ਸਿੰਘ ਨੇ ਕਿਹਾ ਕਿ ਰੂਪ ਦੀਆਂ ਯਾਤਰਾਵਾਂ ਵਿੱਚ ਇਲਾਕਿਆਂ ਦੇ ਸਮਾਜਿਕ, ਰਾਜਸੀ ਅਤੇ ਆਰਥਿਕ ਸਰੋਕਾਰਾਂ ਬਾਰੇ ਸਪੱਸ਼ਟ ਨਿਸਾਨਦੇਹੀ ਹੈ। ਸ਼ਾਇਰ ਤੇ ਵਾਰਤਕਕਾਰ ਜਗਦੀਪ ਸਿੱਧੂ ਨੇ ਕਿਹਾ ਕਿ ਲੇਖਕ ਇਸ ਉਮਰ ਵਿਚ ਵੀ ਕਾਰਜ਼ਸ਼ੀਲ ਹੈ, ਇਸ ਪੁਸਤਕ ਦਾ ਸੁਆਗਤ ਕਰਨਾ ਬਣਦਾ ਹੈ। ਹਰਕੰਵਲ ਸਾਹਿਲ ਨੇ ਕਿਹਾ ਕਿ ਕਿਤਾਬ ਦੀ ਭਾਸ਼ਾ ਸਰਲ ਅਤੇ ਪਾਠਕ ਨੂੰ ਨਾਲ ਤੋਰਨ ਵਾਲ਼ੀ ਹੈ।
ਇਸ ਉਪਰੰਤ ਨਾਟਕਕਾਰ ਤੇ ਰੂਪ ਦੇ ਵੱਡੇ ਪੁੱਤਰ ਸੰਜੀਵਨ ਸਿੰਘ ਨੇ ਸਾਰੇ ਦੋਸਤਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਪੁਸਤਕ ਵਿੱਚ ਉਨ੍ਹਾਂ ਦੇ ਛੋਟੇ ਭਰਾ ਰੰਜੀਵਨ ਦਾ ਮਹੱਤਪੂਰਣ ਯੋਗਦਾਨ ਹੈ। ਸਮਾਗਮ ਦਾ ਸੰਚਾਲਨ ਉੱਘੇ ਲੇਖਕ ਤੇ ਵਕੀਲ ਰੰਜੀਵਨ ਸਿੰਘ ਨੇ ਕੀਤਾ।