ਝੋਨੇ ਦੇ ਬੂਟੇ ਮਧਰੇ ਰਹਿਣ ਦੇ ਵਾਇਰਸ ਨੇ ਤੋੜੇ ਕਿਸਾਨਾਂ ਦੇ ਸੁਪਨੇ
ਝੋਨੇ ਦੇ ਕਈ ਬੀਜਾਂ ਵਿੱਚ ਮਧਰੇਪਣ ਦੇ ਵਾਇਰਸ ਨੇ ਕਿਸਾਨਾਂ ਦੇ ਸੁਪਨੇ ਤੋੜ ਦਿੱਤੇ ਹਨ। ਝੋਨੇ ਦੇ ਕਈ ਬੀਜਾਂ ਵਿਚਲੀ ਇਸ ਬਿਮਾਰੀ ਕਾਰਨ ਕਿਸਾਨਾਂ ਨੂੰ ਭਾਰੀ ਵਿੱਤੀ ਨੁਕਸਾਨ ਸਹਿਣਾ ਪਵੇਗਾ। ਮਧਰੇ ਰਹਿ ਗਏ ਬੂਟਿਆਂ ਕਾਰਨ ਝੋਨਾ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ ਅਤੇ ਝੋਨੇ ਦਾ ਕੋਈ ਝਾੜ ਨਹੀਂ ਨਿਕਲੇਗਾ। ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਆਗੂਆਂ ਰਵਿੰਦਰ ਸਿੰਘ ਦੇਹ ਕਲਾਂ, ਮਿਹਰ ਸਿੰਘ ਥੇਹੜੀ, ਮਾਨ ਸਿੰਘ ਰਾਜਪੁਰਾ, ਗੁਰਮੀਤ ਸਿੰਘ ਸਿਆਊ, ਗੁਰਪ੍ਰੀਤ ਸਿੰਘ ਨੰਡਿਆਲੀ, ਤਰਲੋਚਨ ਸਿੰਘ ਨੰਡਿਆਲੀ ਆਦਿ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਕਿ ਮਧਰੇਪਣ ਦੇ ਵਾਇਰਸ ਨਾਲ ਕਿਸਾਨਾਂ ਦੇ ਝੋਨੇ ਦੇ ਹੋਏ ਨੁਕਸਾਨ ਲਈ ਤੁਰੰਤ ਵਿਸ਼ੇਸ਼ ਗਿਰਦਾਵਰੀ ਕਰਾਈ ਜਾਵੇ।
ਪਿੰਡ ਕੁਰੜੀ ਦੇ ਸਰਪੰਚ ਨਾਹਰ ਸਿੰਘ ਢੋਲ, ਇਕਬਾਲ ਸਿੰਘ, ਕਰਨੈਲ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੀ 70 ਏਕੜ ਝੋਨੇ ਦੀ ਫ਼ਸਲ ਮਧਰੇਪਣ ਦੇ ਵਾਇਰਸ ਕਾਰਨ ਬੁਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ ਤੇ ਕਿਸਾਨਾਂ ਨੂੰ ਇਨ੍ਹਾਂ ਖੇਤਾਂ ਵਿੱਚੋਂ ਝੋਨੇ ਦਾ ਕੋਈ ਝਾੜ ਨਿਕਲਣ ਦੀ ਉਮੀਦ ਨਹੀਂ ਹੈ। ਸਿਆਊ ਦੇ ਕਿਸਾਨ ਗੁਰਮੀਤ ਸਿੰਘ ਨੇ ਦੱਸਿਆ ਕਿ ਉਸ ਦੀ 20 ਏਕੜ ਫ਼ਸਲ ਖ਼ਰਾਬ ਹੋ ਗਈ ਹੈ। ਪਿੰਡ ਖਲੌਰ ਦੇ ਜਸਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ 12 ਏਕੜ ਝੋਨੇ ਦੀ ਫ਼ਸਲ ਮਧਰੇਪਣ ਦੇ ਵਾਇਰਸ ਦਾ ਸ਼ਿਕਾਰ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਪੀਆਰ 131, ਪੀਆਰ 128, ਪੀਆਰ 114 ਕਿਸਮਾਂ, ਜਿਹੜੀਆਂ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਹਨ, ਦੀਆਂ ਕਿਸਮਾਂ ਵਿੱਚ ਸਭ ਤੋਂ ਜ਼ਿਆਦਾ ਮਧਰੇਪਣ ਦਾ ਵਾਇਰਸ ਫੈਲਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਕਿਸਾਨਾਂ ਨੇ ਬੀਜ ਵੀ ਖੇਤੀਬਾੜੀ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਦੇ ਬੀਜ ਖਰੀਦ ਕੇਂਦਰਾਂ ਵਿੱਚੋਂ ਖਰੀਦਿਆ ਸੀ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਬੀਜਾਂ ਵਿੱਚ ਵਾਇਰਸ ਦਾ ਆਉਣਾ ਕਿਸਾਨਾਂ ਅਤੇ ਖੇਤੀਬਾੜੀ ਲਈ ਬਹੁਤ ਚਿੰਤਾਜਨਕ ਗੱਲ ਹੈ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਬਿਨ੍ਹਾਂ ਕਿਸੇ ਦੇਰੀ ਤੋਂ ਮੁਹਾਲੀ ਜ਼ਿਲ੍ਹੇ ਵਿੱਚ ਫੈਲੇ ਵਾਇਰਸ ਕਾਰਨ ਕਿਸਾਨਾਂ ਦੇ ਝੋਨੇ ਦੇ ਹੋਏ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ ਕਰਾ ਕੇ ਤੁਰੰਤ ਮੁਆਵਜ਼ਾ ਦਿੱਤਾ ਜਾਵੇ।