ਬੈਂਕ ਚੋਰੀ ਦੇ ਮਾਮਲੇ ਦਾ ਇਨਾਮੀ ਮੁਲਜ਼ਮ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਅੰਬਾਲਾ, 27 ਮਾਰਚ
ਅੰਬਾਲਾ ਪੁਲੀਸ ਵੱਲੋਂ ਬਲਦੇਵ ਨਗਰ ਥਾਣੇ ਵਿੱਚ ਦਰਜ ਬੈਂਕ ਚੋਰੀ ਦੇ ਮਾਮਲੇ ਵਿੱਚ ਸੀਆਈਏ-1, ਅੰਬਾਲਾ ਦੀ ਪੁਲੀਸ ਟੀਮ ਨੇ ਇੰਸਪੈਕਟਰ ਹਰਜਿੰਦਰ ਸਿੰਘ ਦੀ ਅਗਵਾਈ ਵਿੱਚ ਕਾਰਵਾਈ ਕਰਦੇ ਹੋਏ ਮਿਥੁਨ ਬਿੰਦ ਵਾਸੀ ਪੁਰਸ਼ੋਤਮਪੁਰ, ਥਾਣਾ ਅਜ਼ਰਗੰਜ, ਜ਼ਿਲ੍ਹਾ ਮੁੰਗੇਰ, ਬਿਹਾਰ ਨੂੰ ਗ੍ਰਿਫ਼ਤਾਰ ਕਰ ਕੀਤਾ ਹੈ।
ਇਹ ਮੋਸਟ ਵਾਂਟੇਡ ਮੁਲਜ਼ਮ ਪੰਜ ਹਜ਼ਾਰ ਰੁਪਏ ਦਾ ਇਨਾਮੀ ਸੀ। ਅਦਾਲਤ ਦੇ ਹੁਕਮ ਅਨੁਸਾਰ 8 ਦਿਨ ਦਾ ਪੁਲੀਸ ਰਿਮਾਂਡ ਲਿਆ ਗਿਆ ਹੈ। ਇਸ ਮਾਮਲੇ ਵਿੱਚ ਹੁਣ ਤਕ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਪੁਛ-ਪੜਤਾਲ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਸ਼ਿਕਾਇਤਕਰਤਾ ਭੂਸ਼ਣ ਲਾਲ , ਬੈਂਕ ਮੈਨੇਜਰ, ਵਾਸੀ ਹਾਊਸਿੰਗ ਬੋਰਡ ਕਾਲੋਨੀ , ਅੰਬਾਲਾ ਛਾਊਣੀ ਨੇ 25 ਸਤੰਬਰ 2023 ਨੂੰ ਥਾਣਾ ਬਲਦੇਵ ਨਗਰ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਕਿ 22 ਸਤੰਬਰ 2023 ਨੂੰ ਅਣਪਛਾਤੇ ਵਿਅਕਤੀਆਂ ਨੇ ਕੇਂਦਰੀ ਸਹਿਕਾਰੀ ਬੈਂਕ, ਨਾਰਾਇਣਗੜ੍ਹ ਰੋਡ, ਬਲਦੇਵ ਨਗਰ, ਅੰਬਾਲਾ ਸ਼ਹਿਰ ਦੀ ਦੀਵਾਰ ਕੱਟ ਕੇ ਲਾਕਰਾਂ ਵਿੱਚੋਂ ਸੋਨੇ-ਚਾਂਦੀ ਦੇ ਗਹਿਣੇ ਚੋਰੀ ਕਰ ਲਏ। ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਦੀ ਜ਼ਿੰਮੇਵਾਰੀ ਸੀਆਈਏ-1, ਅੰਬਾਲਾ ਨੂੰ ਸੌਂਪ ਦਿੱਤੀ ਸੀ।