ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੀ ਯੂ ਵਿੱਚ ਬਾਹਰੋਂ ਆਉਣ ’ਤੇ ਰੋਕਾਂ

ਸਿਰਫ਼ ਸਟਿੱਕਰਾਂ ਵਾਲੇ ਵਾਹਨਾਂ ਨੂੰ ਮਿਲੇਗੀ ਐਂਟਰੀ; ਵਿਦਿਆਰਥੀਆਂ ਨੇ ਬੈਰੀਕੇਡ ਹਟਾਏ; ਅਥਾਰਿਟੀ ਨੇ 10 ਤੇ 11 ਨਵੰਬਰ ਦੀ ਛੁੱਟੀ ਐਲਾਨੀ
ਮੋਰਚੇ ਵਿੱਚ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਕਾਂਗਰਸ ਦੇ ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ। -ਫੋਟੋਆਂ: ਵਿੱਕੀ ਘਾਰੂ
Advertisement

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਪੁਰਾਣੇ ਢਾਂਚੇ ਵਾਲੀ 91 ਮੈਂਬਰੀ ਸੈਨੇਟ ਦੀਆਂ ਚੋਣਾਂ ਦਾ ਪ੍ਰੋਗਰਾਮ ਜਾਰੀ ਕਰਵਾਉਣ ਦੀ ਮੰਗ ਨੂੰ ਲੈ ਕੇ ‘ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ’ ਵੱਲੋਂ 10 ਨਵੰਬਰ ਨੂੰ ਵੱਡੇ ਇਕੱਠ ਨੂੰ ਲੈ ਕੇ ਵਿਦਿਆਰਥੀਆਂ ਸਮੇਤ ਵੱਖ-ਵੱਖ ਸਿਆਸੀ, ਧਾਰਮਿਕ, ਸਮਾਜਿਕ ਜਥੇਬੰਦੀਆਂ ਪੂਰੇ ਜੋਸ਼ ਵਿੱਚ ਹਨ। ਇਸ ਇਕੱਠ ਦੇ ਮੱਦੇਨਜ਼ਰ ਪੀ ਯੂ ਦੀ ਸਕਿਉਰਿਟੀ ਅਤੇ ਚੰਡੀਗੜ੍ਹ ਪੁਲੀਸ ਵੀ ਪੂਰੀ ਤਰ੍ਹਾਂ ਚੌਕਸ ਹੋ ਚੁੱਕੀ ਹੈ ਅਤੇ ਖੁਫ਼ੀਆ ਤੰਤਰ ਰਾਹੀਂ ਕੈਂਪਸ ਵਿੱਚ ਆਉਣ-ਜਾਣ ਵਾਲੇ ਵਿਅਕਤੀਆਂ ’ਤੇ ਨਜ਼ਰ ਰੱਖੀ ਜਾ ਰਹੀ ਹੈ।

ਹਾਲਾਂਕਿ, ਵਾਈਸ ਚਾਂਸਲਰ ਪ੍ਰੋ. ਰੇਣੂ ਵਿੱਗ ਨੇ ਅੱਜ ਇੱਕ ਸਮਾਗਮ ਦੌਰਾਨ ਪੱਤਰਕਾਰਾਂ ਨਾਲ਼ ਗੱਲਬਾਤ ਕਰਦਿਆਂ ਸੈਨੇਟ ਚੋਣਾਂ ਕਰਵਾਉਣ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਚਾਂਸਲਰ ਦਫ਼ਤਰ ਤੋਂ ਮਨਜ਼ੂਰੀ ਮਿਲਣ ਮਗਰੋਂ ਚੋਣਾਂ ਕਰਵਾਈਆਂ ਜਾਣਗੀਆਂ। ਦੂਜੇ ਪਾਸੇ ਵਿਦਿਆਰਥੀ ਇਸ ਗੱਲ ਉਤੇ ਡਟੇ ਹੋਏ ਹਨ ਕਿ ਚੋਣਾਂ ਦਾ ਪ੍ਰੋਗਰਾਮ ਜਾਰੀ ਹੋਣ ਤੋਂ ਬਿਨਾਂ ਕੁਝ ਵੀ ਮਨਜ਼ੂਰ ਨਹੀਂ।

Advertisement

ਵਿਦਿਆਥੀਆਂ ਦੇ ਸੰਘਰਸ਼ ਵਿੱਚ ਸ਼ਾਮਲ ਹੁੰਦੇ ਹੋਏ ਤਰਨਾ ਦਲ ਦੇ ਮੁਖੀ ਰਾਜਾ ਰਾਜ ਸਿੰਘ।

ਡੀਨ ਯੂਨੀਵਰਸਿਟੀ, ਇੰਸਟਰੱਕਸ਼ਨਜ਼ ਨੇ ਸਰਕੁਲਰ ਜਾਰੀ ਕਰ ਕੇ 10 ਅਤੇ 11 ਨਵੰਬਰ ਦੀ ਛੁੱਟੀ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਵਿਦਿਆਰਥੀ ਹੋਸਟਲਾਂ ਵਿੱਚ ਗੈਸਟਾਂ ਦੇ ਦਾਖ਼ਲੇ ਉਤੇ ਵੀ ਰੋਕ ਲਗਾ ਦਿੱਤੀ ਹੈ ਅਤੇ ਗੈਸਟ ਹਾਊਸ ਵੀ ਬੰਦ ਕਰ ਦਿੱਤੇ ਗਏ ਹਨ। ਏ ਸੀ ਜੋਸ਼ੀ ਲਾਇਬ੍ਰੇਰੀ ਵੀ ਬੰਦ ਰਹੇਗੀ। ਪੀ ਯੂ ਦੀ ਸਕਿਉਰਿਟੀ ਵੱਲੋਂ ਯੂਨੀਵਰਸਿਟੀ ਦੇ ਸਟਿੱਕਰਾਂ ਤੋਂ ਬਗੈਰ ਵਾਹਨਾਂ ਨੂੰ ਰੋਕਣ ਲਈ ਲਗਾਏ ਬੈਰੀਕੇਡ ਅੱਜ ਵਿਦਿਆਰਥੀਆਂ ਨੇ ਹਟਾ ਦਿੱਤੇ ਜਿਸ ਦੌਰਾਨ ਸਕਿਉਰਿਟੀ ਨਾਲ ਥੋੜ੍ਹੀ ਬਹੁਤ ਗਹਿਮਾ-ਗਹਿਮੀ ਵੀ ਹੋਈ।

ਵਿਦਿਆਰਥੀ ਕੌਂਸਲ ਦੇ ਮੀਤ ਪ੍ਰਧਾਨ ਅਤੇ ‘ਸੱਥ’ ਆਗੂ ਅਸ਼ਮੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੀ ਯੂ ਦੇ ਸਕਿਉਰਿਟੀ ਸਟਾਫ਼ ਜਮਹੂਰੀ ਢੰਗ ਨਾਲ ਲਗਾਏ ਮੋਰਚੇ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਇਹ ਵਤੀਰਾ ਬਰਦਾਸ਼ਤਯੋਗ ਨਹੀਂ ਹੈ। ਇਹ ਮੋਰਚਾ ਪੂਰੇ ਪੰਜਾਬ ਸਮੇਤ ਗੁਆਂਢੀ ਸੂਬਿਆਂ ਹਿਮਾਚਲ, ਹਰਿਆਣਾ, ਰਾਜਸਥਾਨ, ਯੂ ਪੀ ਅਤੇ ਦਿੱਲੀ ਦੇ ਲੋਕਾਂ ਦਾ ਹੈ। ਉਨ੍ਹਾਂ ਕਿਹਾ ਕਿ ਜੇਕਰ 10 ਨਵੰਬਰ ਨੂੰ ਮੋਰਚੇ ਵਿੱਚ ਸ਼ਾਮਲ ਹੋਣ ਵਾਸਤੇ ਆਉਣ ਵਾਲੇ ਲੋਕਾਂ ਨੂੰ ਗੇਟਾਂ ’ਤੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਵਿਦਿਆਰਥੀਆਂ ਦੇ ਜਥੇ ਖ਼ੁਦ ਜਾ-ਜਾ ਕੇ ਉਨ੍ਹਾਂ ਨੂੰ ਅੰਦਰ ਲਿਆਉਣਗੇ। ਮੋਰਚੇ ਵਿੱਚ ਅੱਜ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ, ਹਿਮਾਚਲ ਪ੍ਰਦੇਸ਼ ਦੇ ਮੰਤਰੀ ਵਿਕਰਮਾਦਿਤਿਆ ਸਿੰਘ, ਨਿਹੰਗ ਮੁਖੀ ਰਾਜਾ ਰਾਜ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ, ਸਾਬਕਾ ਵਿਧਾਇਕ ਦਵਿੰਦਰ ਘੁਬਾਇਆ ਆਦਿ ਨੇ ਸ਼ਿਰਕਤ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਵਿਦਿਆਰਥੀ ਆਗੂ ਐਡਵੋਕੇਟ ਅਮਨਦੀਪ ਕੌਰ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਪਿਛਲੇ ਕਈ ਸਾਲਾਂ ਤੋਂ ਨਵੀਂ ਸਿੱਖਿਆ ਨੀਤੀ ਤਹਿਤ ਸਾਰੇ ਵਿੱਦਿਅਕ ਅਦਾਰਿਆਂ ਦਾ ਭਗਵਾਂਕਰਨ, ਕੇਂਦਰੀਕਰਨ ਅਤੇ ਨਿੱਜੀਕਰਨ ਦੇ ਏਜੰਡੇ ਲਾਗੂ ਕਰਦੀ ਆ ਰਹੀ ਹੈ। ਕਰੋਨਾ ਮਹਾਮਾਰੀ ਤੋਂ ਸੈਨੇਟ ਚੋਣਾਂ ਲਮਕਾਈਆਂ ਜਾ ਰਹੀਆਂ ਹਨ।

 

ਬੱਸ ਕਾਮਿਆਂ ਵੱਲੋਂ ਵੀ ਮੋਰਚੇ ਵਿੱਚ ਸ਼ਿਰਕਤ ਕਰਨ ਦਾ ਐਲਾਨ

ਪੰਜਾਬ ਰੋਡਵੇਜ਼ ਪਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ 25/11 ਵੱਲੋਂ ਵੀ ਪੀ ਯੂ ਵਿਦਿਆਰਥੀਆਂ ਦੇ ਸੰਘਰਸ਼ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਗਿਆ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ, ਹਰਕੇਸ਼ ਕੁਮਾਰ ਵਿੱਕੀ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਸਿਰਫ਼ ਇੱਕ ਸਿੱਖਿਆ ਸੰਸਥਾਨ ਹੀ ਨਹੀਂ ਬਲਕਿ ਪੰਜਾਬ ਦੀ ਸੱਭਿਆਚਾਰਕ, ਬੌਧਿਕ ਅਤੇ ਇਤਿਹਾਸਕ ਪਛਾਣ ਦਾ ਪ੍ਰਤੀਕ ਹੈ। ਇਸ ਨੇ ਦਹਾਕਿਆਂ ਤੋਂ ਪੰਜਾਬ ਅਤੇ ਪੂਰੇ ਦੇਸ਼ ਦੇ ਕੋਨੇ-ਕੋਨੇ ਤੋਂ ਵਿਦਿਆਰਥੀਆਂ ਨੂੰ ਗਿਆਨ ਅਤੇ ਰੌਸ਼ਨੀ ਦਿੱਤੀ ਹੈ। ’ਵਰਸਿਟੀ ਦੀ ਸੈਨੇਟ ਅਤੇ ਪ੍ਰਬੰਧਕੀ ਢਾਂਚੇ ਵਿੱਚ ਕੇਂਦਰੀ ਨਿਯੁਕਤ ਪ੍ਰਬੰਧਨਾਂ ਦੀ ਵਾਧੂ ਹਿੱਸੇਦਾਰੀ, ਪੰਜਾਬ ਦੇ ਲੋਕਾਂ ਦੇ ਅਧਿਕਾਰਾਂ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ 10 ਨਵੰਬਰ ਨੂੰ ਕੈਂਪਸ ਵਿੱਚ ਹੋ ਰਹੇ ਵੱਡੇ ਇਕੱਠ ਵਿੱਚ ਯੂਨੀਅਨ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ।

 

ਐੱਸ ਕੇ ਐੱਮ (ਗ਼ੈਰ-ਸਿਆਸੀ) ਵੱਲੋਂ ਸੰਘਰਸ਼ ਦੀ ਹਮਾਇਤ

ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬ ਯੂਨੀਵਰਸਿਟੀ ਵਿੱਚ ਸੈਨੇਟ ਤੇ ਸਿੰਡੀਕੇਟ ਨੂੰ ਬਚਾਉਣ ਲਈ ਸੰਘਰਸ਼ ਕਰ ਰਹੇ ਵਿਦਿਆਰਥੀਆਂ ਦੀ ਹਮਾਇਤ ਵਿੱਚ ਸੰਯੁਕਤ ਕਿਸਾਨ ਮੋਰਚਾ (ਗ਼ੈਰ-ਰਾਜਨੀਤਕ) ਨਿੱਤਰ ਆਈ ਹੈ। ਇਸ ਸਬੰਧੀ ਅੱਜ ਸੀਨੀਅਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਹੇਠ ਮੋਰਚੇ ਦੇ ਆਗੂਆਂ ਨੇ ਆਨਲਾਈਨ ਮੀਟਿੰਗ ਕੀਤੀ। ਉਨ੍ਹਾਂ ਕੇਂਦਰ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਦੀ 91 ਮੈਂਬਰੀ ਸਿੰਡੀਕੇਟ ਅਤੇ ਸੈਨੇਟ ਨੂੰ ਭੰਗ ਕਰਨ ਦੇ ਫ਼ੈਸਲੇ ਦੀ ਨਿਖੇਧੀ ਕੀਤੀ। ਇਸ ਦੇ ਨਾਲ ਹੀ ਨੌਜਵਾਨਾਂ ਤੇ ਵਿਦਿਆਰਥੀ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੇ ਇਸ ਫ਼ੈਸਲੇ ਵਿਰੁੱਧ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਲੱਗੇ ਧਰਨੇ ਦੀ ਹਮਾਇਤ ਕਰਨ ਦਾ ਫ਼ੈਸਲਾ ਕੀਤਾ। ਮੋਰਚੇ ਨੇ 10 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਵਿੱਚ ਕੀਤੇ ਜਾਣ ਵਾਲੇ ਵੱਡੇ ਇਕੱਠ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਸ੍ਰੀ ਡੱਲੇਵਾਲ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਰਾਜਾਂ ਦੇ ਅਧਿਕਾਰਾਂ ਉੱਤੇ ਡਾਕਾ ਮਾਰਿਆ ਜਾ ਰਿਹਾ ਹੈ। ਇਸੇ ਦੇ ਚੱਲਦਿਆਂ ਪਹਿਲਾਂ ਕੇਂਦਰ ਨੇ ਬੀ ਬੀ ਐੱਮ ਬੀ ਅਤੇ ਹੁਣ ਪੰਜਾਬ ਯੂਨੀਵਰਸਿਟੀ ਨੂੰ ਹਥਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਸਾਨ ਆਗੂਆਂ ਨੇ ਲੋਕ ਹਿੱਤ ਵਿੱਚ ਕੰਮ ਕਰਨ ਵਾਲੀਆਂ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਵੀ 10 ਨਵੰਬਰ ਨੂੰ ਪੰਜਾਬ ’ਵਰਸਿਟੀ ਵਿੱਚ ਕੀਤੇ ਜਾਣ ਵਾਲੇ ਇਕੱਠ ਵਿੱਚ ਸ਼ਾਮਲ ਹੋਣ।

Advertisement
Show comments