ਮੀਟਿੰਗ ਦੌਰਾਨ ਨੌਂ ਕਰੋੜ ਰੁਪਏ ਤੋਂ ਵੱਧ ਦੇ ਮਤੇ ਪਾਸ
ਨਗਰ ਕੌਂਸਲ ਮੋਰਿੰਡਾ ਦੀ ਮੀਟਿੰਗ ਕੌਂਸਲ ਪ੍ਰਧਾਨ ਜਗਦੇਵ ਸਿੰਘ ਭਟੋਆ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਕੌਂਸਲ ਦੇ 15 ਮੈਂਬਰਾਂ ਵਿੱਚੋਂ 12 ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਸ਼ਹਿਰ ਵਾਸੀਆਂ ਦੀ ਭਲਾਈ ਲਈ ਅਤੇ ਸ਼ਹਿਰ ਦੇ ਸਰਵਪੱਖੀ ਵਿਕਾਸ ਲਈ ਵੱਖ-ਵੱਖ ਵਾਰਡਾਂ ਵਿੱਚ 9 ਕਰੋੜ ਤੋਂ ਵੱਧ ਰੁਪਏ ਖਰਚ ਕੇ ਵਿਕਾਸ ਕਾਰਜ ਕਰਵਾਉਣ ਸਬੰਧੀ ਮਤੇ ਨੂੰ ਬਹੁਤ ਗਿਣਤੀ ਕੌਂਸਲਰਾਂ ਵੱਲੋਂ ਪ੍ਰਵਾਨਗੀ ਦਿੱਤੀ ਗਈ, ਜਦਕਿ ਵਿਰੋਧੀ ਧਿਰ ਦੇ ਚਾਰ ਕੌਂਸਲਰਾਂ ਵੱਲੋਂ ਇਸ ਮਤੇ ਰਾਹੀਂ ਪੇਸ਼ ਕੀਤੇ ਵਾਰਡਾਂ ਵਿੱਚ ਕੀਤੇ ਜਾਣ ਵਾਲੇ ਕਈ ਕੰਮ ਪਹਿਲਾਂ ਹੀ ਕਰਵਾਏ ਜਾਣ ਦੇ ਦੋਸ਼ ਲਗਾਏ ਗਏ ਹਨ। ਕੌਂਸਲ ਦੇ ਪ੍ਰਧਾਨ ਜਗਦੇਵ ਸਿੰਘ ਭਟੋਆ ਨੇ ਦੱਸਿਆ ਕਿ ਮੀਟਿੰਗ ਵਿੱਚ ਨਗਰ ਕੌਂਸਲ ਦੀਆਂ ਹੱਦਾਂ ਵਿੱਚ ਵਾਧਾ ਕਰਨ ਸਬੰਧੀ ਪੇਸ਼ ਮਤੇ ਤੇ ਵਿਚਾਰ ਚਰਚਾ ਉਪਰੰਤ ਹੱਦਬਸਤ ਨੰਬਰ 254 ਦਾ ਜਿਹੜਾ ਹਿੱਸਾ ਨਗਰ ਕੌਂਸਲ ਤੋਂ ਬਾਹਰ ਹੈ, ਉਸ ਨੂੰ ਕੌਂਸਲ ਵਿੱਚ ਸ਼ਾਮਲ ਕਰਨ ਸਬੰਧੀ ਬਹੁਸੰਮਤੀ ਨਾਲ ਪਾਸ ਕੀਤਾ ਗਿਆ। ਇਸ ਦੇ ਨਾਲ ਹੀ ਹੋਰ ਮਤੇ ਵੀ ਪਾਸ ਕੀਤੇ ਗਏ।
ਉਧਰ ਵਿਰੋਧੀ ਧਿਰ ਦੇ ਕੌਂਸਲਰਾਂ ਰਾਕੇਸ਼ ਕੁਮਾਰ ਬੱਗਾ, ਅੰਮ੍ਰਿਤਪਾਲ ਸਿੰਘ ਖੱਟੜਾ, ਸੁਖਜਿੰਦਰ ਸਿੰਘ ਕਾਕਾ, ਅਤੇ ਪਿੰਕੀ ਕੌਰ ਨੇ ਦੋਸ਼ ਲਗਾਇਆ ਕਿ ਮੀਟਿੰਗ ਵਿੱਚ ਵਿਕਾਸ ਕਾਰਜਾਂ ਸਬੰਧੀ ਪੇਸ਼ ਕੀਤੇ ਗਏ ਤਖਮੀਨੇ ਵਿੱਚ ਕਈ ਕੰਮ ਅਜਿਹੇ ਵੀ ਹਨ ਜਿਹੜੇ ਪਹਿਲਾਂ ਵੀ ਦੋ ਜਾਂ ਤਿੰਨ ਵਾਰੀ ਹੋ ਚੁੱਕੇ ਹਨ। ਕੌਂਸਲਰ ਅੰਮ੍ਰਿਤਪਾਲ ਸਿੰਘ ਖੱਟੜਾ ਨੇ ਦੱਸਿਆ ਕਿ ਕੌਂਸਲ ਵੱਲੋਂ ਸ਼ਹਿਰ ਵਿੱਚ ਸੀਵਰੇਜ ਅਤੇ ਨਾਲਿਆਂ ਦੀ ਡੀਸਿਲਟਿੰਗ ਲਈ 49.55 ਲੱਖ ਰੁਪਏ ਪ੍ਰਵਾਨ ਕਰਨ ਉਪਰੰਤ ਸਫਾਈ ਕਰਨ ਲਈ ਮਸ਼ੀਨ ਮੰਗਵਾਈ ਗਈ ਸੀ, ਪਰ ਸ਼ਹਿਰ ਦੇ ਬਹੁਤੇ ਹਿੱਸੇ ਵਿੱਚ ਇਹ ਸਫਾਈ ਮੁਕੰਮਲ ਨਹੀਂ ਹੋਈ। ਉਨ੍ਹਾਂ ਦੋਸ਼ ਲਾਇਆ ਕਿ ਵਾਰਡ ਨੰਬਰ 2 ਵਿੱਚ ਉਨ੍ਹਾਂ ਪੱਲਿਓਂ ਪੈਸੇ ਖਰਚ ਕੇ ਇਸੇ ਮਸ਼ੀਨ ਰਾਹੀਂ ਸੀਵਰੇਜ ਦੀ ਸਫਾਈ ਕਰਵਾਈ।