ਸਿੰਘਪੁਰਾ ਦੇ ਵਸਨੀਕ ਆਵਾਰਾ ਕੁੱਤਿਆਂ ਤੋਂ ਪ੍ਰੇਸ਼ਾਨ
ਕੁਰਾਲੀ ਦੀ ਜੂਹ ਵਿੱਚ ਵੱਸੇ ਪਿੰਡ ਸਿੰਘਪੁਰਾ ਦੇ ਵਸਨੀਕਾਂ ਨੂੰ ਦਰਜ਼ਨਾਂ ਦੀ ਗਿਣਤੀ ਵਿੱਚ ਘੁੰਮਦੇ ਆਵਾਰਾ ਕੁੱਤਿਆਂ ਨੇ ਪ੍ਰੇਸ਼ਾਨ ਕੀਤਾ ਹੋਇਆ ਹੈ। ਆਵਾਰਾ ਕੁੱਤੇ ਹਮਲਾ ਕਰਕੇ ਕਈ ਜਣਿਆਂ ਨੂੰ ਜ਼ਖ਼ਮੀ ਕਰ ਚੁੱਕੇ ਹਨ। ਪਿੰਡ ਵਸੀਆਂ ਨੇ ਆਵਾਰਾ ਕੁੱਤਿਆਂ ਤੋਂ ਨਿਜ਼ਾਤ ਦਿਵਾਏ ਜਾਣ ਦੀ ਮੰਗ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੰਘਪੁਰਾ ਦੇ ਵਸਨੀਕਾਂ ਗੁਰਨਾਮ ਸਿੰਘ, ਮਨਜੀਤ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਪਿੰਡ ਵਿੱਚ ਆਵਾਰਾ ਕੁੱਤਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਤਾਂ ਆਵਾਰਾ ਕੁੱਤਿਆਂ ਦੀ ਭਰਮਾਰ ਲੋਕਾਂ ਲਈ ਮੁਸੀਬਤ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕੁਰਾਲੀ-ਸਿੰਘਪੁਰਾ ਰੋਡ ’ਤੇ ਚੱਲ ਰਹੀਆਂ ਮੀਟ ਦੀਆਂ ਦੁਕਾਨਾਂ ਕਾਰਨ ਇੱਥੇ ਆਵਾਰਾ ਕੁੱਤੇ ਲਗਾਤਾਰ ਵਧ ਰਹੇ ਹਨ। ਉਨ੍ਹਾਂ ਕਿਹਾ ਕਿ ਮਾਸਖੋਰੇ ਇਹ ਕੁੱਤੇ ਦਿਨ ਵੇਲੇ ਦੁਕਾਨਾਂ ਦੇ ਨੇੜੇ ਬੈਠੇ ਰਹਿੰਦੇ ਹਨ ਜਦਕਿ ਰਾਤ ਵੇਲੇ ਪਿੰਡ ਦੀਆਂ ਕਲੋਨੀਆਂ ਤੇ ਗਲ਼ੀਆਂ ਵਿੱਚ ਦਾਖਲ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਦਰਜ਼ਨਾਂ ਦੀ ਗਿਣਤੀ ਵਿੱਚ ਇਹ ਕੁੱਤੇ ਇਕੱਠੇ ਹੋ ਕੇ ਖੂੰਖਾਂਰ ਰੂਪ ਧਾਰਨ ਕਰ ਜਾਂਦੇ ਹਨ ਅਤੇ ਰਾਹੀਆਂ ’ਤੇ ਹਮਲਾ ਕਰਦੇ ਹਨ।
ਗਰਨਾਮ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ ਇਹ ਕੁੱਤੇ ਕਈ ਰਾਹਗੀਰਾਂ ’ਤੇ ਹਮਲਾ ਕਰਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਬਜ਼ੁਰਗ ਅਤੇ ਬੱਚੇ ਘਰਾਂ ਵਿੱਚੋਂ ਨਿਕਲਣ ਤੋਂ ਵੀ ਡਰਦੇ ਹਨ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨ੍ਹਾ ਨੂੰ ਅਵਾਰਾ ਕੁੱਤਿਆਂ ਤੋਂ ਨਿਜ਼ਾਤ ਦਿਵਾਈ ਜਾਵੇ।