ਗਮਾਡਾ ਖ਼ਿਲਾਫ਼ ਸੜਕਾਂ ’ਤੇ ਉੱਤਰੇ ਸੈਕਟਰ-76 ਤੋਂ 80 ਦੇ ਵਸਨੀਕ
ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 28 ਮਈ
ਇੱਥੋਂ ਦੇ ਸੈਕਟਰ-76 ਤੋਂ 80 ਦੇ ਵਸਨੀਕਾਂ ਦਾ ਗਮਾਡਾ ਵਿਰੁੱਧ ਰੋਹ ਲਗਾਤਾਰ ਭਖਦਾ ਜਾ ਰਿਹਾ ਹੈ। ਇਨ੍ਹਾਂ ਸੈਕਟਰਾਂ ਦੀ ਇਨਹਾਸਮੈਂਟ ਸੰਘਰਸ਼ ਕਮੇਟੀ ਦੇ ਕਨਵੀਨਰ ਕਰਮ ਸਿੰਘ ਧਨੋਆ, ਕੌਂਸਲਰ ਹਰਜੀਤ ਸਿੰਘ ਭੋਲੂ, ਹਰਦਿਆਲ ਚੰਦ ਬਡਬਰ, ਕਾਮਰੇਡ ਮੇਜਰ ਸਿੰਘ, ਨਵਜੋਤ ਸਿੰਘ ਬਾਛਲ, ਜਰਨੈਲ ਸਿੰਘ, ਭਗਵੰਤ ਸਿੰਘ ਗਿੱਲ ਅਤੇ ਅਵਤਾਰ ਸਿੰਘ ਦੀ ਅਗਵਾਈ ਹੇਠ ਕਾਲੇ ਝੰਡਿਆਂ ਨਾਲ ਰੋਸ ਮਾਰਚ ਕੀਤਾ ਗਿਆ। ਬੁਲਾਰਿਆਂ ਨੇ ਪੰਜਾਬ ਸਰਕਾਰ ਅਤੇ ਗਮਾਡਾ ’ਤੇ ਵਾਅਦਾਖ਼ਿਲਾਫ਼ੀ ਦਾ ਦੋਸ਼ ਲਾਇਆ।
ਜਾਣਕਾਰੀ ਅਨੁਸਾਰ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਬਾਹਰੋਂ ਨਾਅਰਿਆਂ ਦੀ ਗੂੰਜ ਵਿੱਚ ਮਾਰਚ ਸ਼ੁਰੂ ਹੋਇਆ। ਸੈਕਟਰ ਵਾਸੀ ਆਪਣੇ ਹੱਥਾਂ ਵਿੱਚ ਕਾਲੇ ਝੰਡੇ ਲੈ ਕੇ ਫੇਜ਼-7 ਲਾਲ ਬੱਤੀ ਚੌਕ ਤੋਂ ਗੁਰਦੁਆਰਾ ਅੰਬ ਸਾਹਿਬ ਦੇ ਅੱਗਿਓਂ ਲੰਘ ਕੇ ਗਮਾਡਾ ਦਫ਼ਤਰ ਦੇ ਮੁੱਖ ਗੇਟ ’ਤੇ ਪਹੁੰਚੇ ਅਤੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨੇ ‘ਨੋਟਿਸ ਵਾਪਸ ਲਓ, ਵਾਧੂ ਪਾਈ ਇਨਹਾਂਸਮੈਂਟ ਵਾਪਸ ਲਓ’ ਦੇ ਨਾਅਰੇ ਲਾਏ ਤੇ ਮੰਗ ਕੀਤੀ ਕਿ ਰਾਹਤ ਦੇਣ ਵਾਲੀ ਫਾਈਲ ਨੂੰ ਫੌਰੀ ਕਲੀਅਰ ਕੀਤਾ ਜਾਵੇ।
ਗਮਾਡਾ ਵੱਲੋਂ ਸੁਪਰਡੈਂਟ ਇੰਜਨੀਅਰ ਗੁਰਜੀਤ ਸਿੰਘ ਨੇ ਮੰਗ ਪੱਤਰ ਲਿਆ ਅਤੇ ਇਨਹਾਂਸਮੈਂਟ ਸਬੰਧੀ ਚੱਲ ਰਹੀ ਪ੍ਰਕਿਰਿਆ ਬਾਰੇ ਛੇਤੀ ਫ਼ੈਸਲਾ ਲੈਣ ਦਾ ਭਰੋਸਾ ਦਿੱਤਾ। ਇਸ ਮਗਰੋਂ ਸੈਕਟਰ ਵਾਸੀਆਂ ਨੇ ਧਰਨਾ ਖ਼ਤਮ ਕਰਨ ਦਾ ਐਲਾਨ ਕੀਤਾ ਅਤੇ ਚਿਤਾਵਨੀ ਦਿੱਤੀ ਜੇ ਗਮਾਡਾ ਆਪਣੇ ਵਾਅਦੇ ਤੋਂ ਮੁਨਕਰ ਹੋਇਆ ਤਾਂ ਲੜੀਵਾਰ ਸੰਘਰਸ਼ ਵਿੱਢਿਆ ਜਾਵੇਗਾ।