ਸਮਲੇਹੜੀ ਵਾਸੀਆਂ ਵੱਲੋਂ ਪੋਲਟਰੀ ਫਾਰਮ ਬੰਦ ਕਰਾਉਣ ਲਈ ਨਾਅਰੇਬਾਜ਼ੀ
ਅੰਬਾਲਾ ਦੇ ਸਮਲੇਹੜੀ ਪਿੰਡ ਵਿੱਚ ਚੱਲ ਰਹੇ ਦੋ ਪੋਲਟਰੀ ਫਾਰਮ ਬੰਦ ਕਰਾਉਣ ਦੀ ਮੰਗ ਨੂੰ ਲੈ ਕੇ ਪਿੰਡ ਵਾਸੀਆਂ ਨੇ ਪੋਲਟਰੀ ਫਾਰਮ ਦੇ ਬਾਹਰ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੇ ਪੋਲਟਰੀ ਫਾਰਮਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਸਨ ਪਰ ਉਨ੍ਹਾਂ ਹੁਕਮਾਂ ’ਤੇ ਅਮਲ ਨਹੀਂ ਹੋਇਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਫਾਰਮ ਬੰਦ ਨਹੀਂ ਕੀਤੇ ਗਏ ਤਾਂ ਉਹ ਮੁੱਖ ਮੰਤਰੀ ਅਤੇ ਹਰਿਆਣਾ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਕੱਤਰ ਨੂੰ ਸ਼ਿਕਾਇਤ ਕਰਨਗੇ।
ਇਸ ਮਾਮਲੇ ਵਿੱਚ ਫਾਰਮ ਆਪਰੇਟਰ ਪੁਨੀਤ ਗੁਪਤਾ ਨੇ ਕਿਹਾ ਕਿ ਉਸ ਦੇ ਫਾਰਮ ਨੂੰ ਬੰਦ ਕਰਨ ਦੇ ਆਦੇਸ਼ ਜ਼ਰੂਰ ਦਿੱਤੇ ਗਏ ਸਨ ਪਰ ਉਸ ਨੇ ਐੱਨਜੀਟੀ ਤੋਂ ਸਟੇਅ ਲੈ ਲਿਆ ਅਤੇ ਦੁਬਾਰਾ ਪੇਸ਼ ਹੋਣ ਲਈ ਸਮਾਂ ਮੰਗਿਆ ਹੈ। ਉਸ ਤੋਂ ਬਾਅਦ ਫਾਰਮ ਨੂੰ ਬੰਦ ਕਰਨ ਦਾ ਆਦੇਸ਼ ਅਗਸਤ 2025 ਵਿੱਚ ਵਾਪਸ ਲੈ ਲਿਆ ਗਿਆ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਦੇ ਅੰਦਰ ਗਰਗ ਅਤੇ ਪ੍ਰੇਮ ਪੋਲਟਰੀ ਫਾਰਮ ਚੱਲ ਰਹੇ ਹਨ ਜਿਨ੍ਹਾਂ ਨੂੰ ਬੰਦ ਕਰਾਉਣ ਲਈ ਉਹ ਕਈ ਸਾਲਾਂ ਤੋਂ ਕੋਸ਼ਿਸ਼ ਕਰ ਰਹੇ ਹਨ।
ਉਨ੍ਹਾਂ ਦਾ ਦੋਸ਼ ਹੈ ਕਿ ਇਹ ਪੋਲਟਰੀ ਫਾਰਮ ਪ੍ਰਦੂਸ਼ਣ ਵਿਭਾਗ ਦੇ ਕਿਸੇ ਵੀ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਜਿਸ ਕਾਰਨ ਪਿੰਡ ਦੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਾਲ 2014 ਅਤੇ 2015 ਵਿੱਚ ਹਰਿਆਣਾ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਕੱਤਰ ਨੇ ਇਨ੍ਹਾਂ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਸਨ ਪਰ ਬਾਅਦ ਵਿੱਚ ਜਾਂਚ ਰਿਪੋਰਟ ਨਾਲ ਛੇੜਛਾੜ ਕੀਤੀ ਗਈ।
ਇਸ ਮਾਮਲੇ ਵਿੱਚ ਐੱਸਡੀਐੱਮ ਅੰਬਾਲਾ ਕੈਂਟ ਵਿਨੇਸ਼ ਕੁਮਾਰ ਦਾ ਕਹਿਣਾ ਹੈ ਕਿ ਦੋਹਾਂ ਫਾਰਮਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਗਏ ਸਨ ਪਰ ਬਾਅਦ ਵਿੱਚ ਸਰਕਾਰ ਨੇ ਵਾਪਸ ਲੈ ਲਏ ਸਨ।