ਪਿੰਡ ਰੂੜੇਵਾਲ ਵਾਸੀ ਗੰਧਲਾ ਪਾਣੀ ਪੀਣ ਲਈ ਮਜਬੂਰ
ਇਲਾਕੇ ਦੀ ਉੱਪਰਲੀ ਘਾਟ ਦਾ ਪਹਿਲਾ ਪਿੰਡ ਰੂੜੇਵਾਲ ਅੱਜ ਸਰਕਾਰ ਵਿਰੁੱਧ ਗੁੱਸੇ ਨਾਲ ਗੂੰਜ ਉਠਿਆ। 51 ਲੱਖ ਦੇ ਸ਼ੁੱਧ ਪਾਣੀ ਸਪਲਾਈ ਕਰਨ ਦੇ ਲੱਗੇ ਹੋਏ ਬੋਰਡ ਦੇ ਬਾਵਜੂਦ ਪਿੰਡ ਦੇ ਘਰਾਂ ਵਿੱਚ ਪੀਣ ਲਈ ਗੰਧਲਾ ਪਾਣੀ ਆ ਰਿਹਾ ਹੈ। ਪਿੰਡ ਵਾਸੀਆਂ ਨੇ ਅੱਜ ਵਾਟਰ ਸਪਲਾਈ ਨੇੜੇ ਗਰਾਊਂਡ ਵਿੱਚ ਇਕੱਠੇ ਹੋ ਕੇ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਕਿਹਾ ਜਲ ਸਪਲਾਈ ਵਿਭਾਗ ਤੇ ਸਰਕਾਰ ਪਿੰਡ ਰੂੜੇਵਾਲ ਵਿੱਚ ਸਾਫ ਪਾਣੀ ਦਾ ਤੁਰੰਤ ਪ੍ਰਬੰਧ ਕਰੇ ਤੇ ਇਨ੍ਹਾਂ ਪਿੰਡਾਂ ਨੂੰ ਸਾਫ਼ ਪਾਣੀ ਦੇਣ ਲਈ ਨਹਿਰ ਬਣਾਉਣ ਲਈ ਸਰਕਾਰ ਤੁਰੰਤ ਮਨਜ਼ੂਰੀ ਦੇਵੇ। ਰਾਣਾ ਨੇ ਯਾਦ ਦਿਵਾਇਆ ਕਿ ਸਰਕਾਰ ਦੇ ਮੌਜੂਦਾ ਵਿਧਾਇਕ ਨੇ ਕੁਝ ਸਮਾਂ ਪਹਿਲਾਂ ਆਪਣੇ ਖੱਬੇ ਸੱਜੇ ਨਹਿਰੀ ਮਹਿਕਮੇ ਦੇ ਅਧਿਕਾਰੀ ਬਿਠਾ ਕੇ ਰਾਜਸਥਾਨ ਦੀ ਕਿਸੇ ਕੰਪਨੀ ਤੋਂ ਇਲਾਕੇ ਦੇ ਪਿੰਡਾਂ ਵਿੱਚ ਨਹਿਰੀ ਪਾਣੀ ਪਹੁੰਚਾਉਣ ਤੇ ਨਹਿਰ ਲਿਆਉਣ ਆਦਿ ਲਈ 32 ਲੱਖ ਦੀ ਲਾਗਤ ਨਾਲ 15 ਅਗਸਤ ਤੱਕ ਸਰਵੇ ਕਰਾਉਣ ਦਾ ਦਾਅਵਾ ਕੀਤਾ ਸੀ, ਨਾਲ ਹੀ ਪਿੰਡ ਵਿੱਚ 51 ਲੱਖ ਦੀ ਲਾਗਤ ਨਾਲ ਵਾਟਰ ਸਪਲਾਈ ਸਬੰਧੀ ਜੋ ਸਵਾਲ ਉੱਠ ਰਹੇ ਨੇ ਸਬੰਧਿਤ ਮਹਿਕਮੇ ਨੂੰ ਉਸ ਸਬੰਧੀ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਜੇ ਸਰਕਾਰ ਵੱਲੋਂ ਅਗਲੇ ਬੁੱਧਵਾਰ ਤੱਕ ਪਿੰਡ ਵਿੱਚ ਸਾਫ ਪੀਣ ਵਾਲੇ ਪਾਣੀ ਦੀ ਸਪਲਾਈ ਯਕੀਨੀ ਨਾ ਬਣਾਈ ਗਈ ਤਾਂ ਉਨ੍ਹਾਂ ਵੱਲੋਂ ਵਿਭਾਗ ਵਿਰੁੱਧ ਧਰਨਾ ਲਗਾਉਣਗੇ।।