ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਿੰਡ ਫ਼ਿਰੋਜ਼ਪੁਰ ਵਾਸੀ ਪ੍ਰੇਸ਼ਾਨ
ਜਿਲ੍ਹੇ ਦੇ ਪਿੰਡ ਫਿਰੋਜ਼ਪੁਰ ਵਿੱਚ ਟੋਭੇ ਦੀ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਿੰਡ ਵਾਸੀਆਂ ਨੂੰ ਨਿਤ ਦਿਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਵਾਸੀ ਰਣਜੀਤ ਸਿੰਘ, ਸੌਦਾਗਰ ਸਿੰਘ, ਬਲਵਿੰਦਰ ਸਿੰਘ, ਕੁਲਦੀਪ ਸਿੰਘ, ਮਨਜੀਤ ਸਿੰਘ, ਬਲਜੀਤ ਸਿੰਘ ਅਤੇ ਰਾਹਗੀਰ ਬਲਦੇਵ ਸਿੰਘ ਦਮਹੇੜੀ ਨੇ ਕਿਹਾ ਕਿ ਕਰੀਬ 10 ਸਾਲ ਤੋਂ ਪਿੰਡ ਦੇ ਟੋਭੇ ਦੀ ਨਿਕਾਸੀ ਨਾ ਹੋਣ ਕਾਰਨ ਪਿੰਡ ਵਾਸੀ ਪ੍ਰੇਸ਼ਾਨ ਹਨ। ਪੰਚਾਇਤ ਵਿਭਾਗ ਅਤੇ ਸਰਕਾਰ ਵੱਲੋਂ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਟੋਭੇ ਵਿੱਚ ਗੰਦੇ ਪਾਣੀ ਵਿੱਚੋਂ ਬਦਬੂ ਮਾਰਨ ਦੇ ਨਾਲ-ਨਾਲ ਕਈ ਜੀਵ ਜੰਤੂ ਲੋਕਾਂ ਦੇ ਘਰਾਂ ਵਿੱਚ ਦਾਖਲ ਹੋ ਜਾਦੇ ਹਨ। ਬਰਸਾਤ ਹੋਣ ਕਾਰਣ ਟੋਭੇ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਦਾਖਲ ਹੋ ਜਾਦਾ ਹੈ ਅਤੇ ਨਾਲੀਆਂ ਵਿੱਚ ਖੜੇ ਪਾਣੀ ਵਿੱਚੋਂ ਬਦਬੂ ਮਾਰਦੀ ਹੈ, ਜਿਸ ਕਾਰਨ ਬਿਮਾਰੀ ਫ਼ੈਲਣ ਦਾ ਵੀ ਖਤਰਾ ਹੈ। ਉਨ੍ਹਾਂ ਟੋਭੇ ’ਤੇ ਕਥਿਤ ਨਾਜਾਇਜ਼ ਕਬਜੇ ਵੀ ਹਟਾਉਣ ਅਤੇ ਸਾਫ਼ ਸਫ਼ਾਈ ਕਰਵਾ ਕੇ ਦਵਾਈ ਪਾਉਣ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਇਸ ਸਮੱਸਿਆ ਬਾਰੇ ਉਹ ਕਈ ਵਾਰ ਮੌਜੂਦਾ ਵਿਧਾਇਕ ਦੇ ਵੀ ਮਾਮਲਾ ਧਿਆਨ ਵਿੱਚ ਲਿਆ ਚੁਕੇ ਹਨ ਪ੍ਰੰਤੂ ਕੋਈ ਹੱਲ ਨਹੀਂ ਹੋਇਆ। ਉਨ੍ਹਾਂ ਇਸ ਸਮੱਸਿਆ ਦੇ ਤੁਰੰਤ ਹੱਲ ਦੀ ਮੰਗ ਕੀਤੀ। ਇਸ ਸਬੰਧੀ ਬੀਡੀਪੀਓ ਗੁਰਮਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਇਹ ਸਮੱਸਿਆ ਉਨ੍ਹਾਂ ਦੇ ਧਿਆਨ ਵਿੱਚ ਆਈ ਹੈ, ਜਿਸ ਦਾ ਜਲਦੀ ਹੱਲ ਕਰਵਾਇਆ ਜਾਵੇਗਾ। ਇਸ ਮੌਕੇ ਬਲਜੀਤ ਸਿੰਘ, ਬਲਦੇਵ ਸਿੰਘ, ਰਣਜੀਤ ਸਿੰਘ, ਗੁਰਪ੍ਰੀਤ ਸਿੰਘ ਅਤੇ ਗੁਰਸੇਵਕ ਸਿੰਘ ਆਦਿ ਹਾਜ਼ਰ ਸਨ।