ਕੂੜੇ ਦੀਆਂ ਅਣਢੱਕੀਆਂ ਟਰਾਲੀਆਂ ਤੋਂ ਚਮਕੌਰ ਸਾਹਿਬ ਦੇ ਬਾਸ਼ਿੰਦੇ ਪ੍ਰੇਸ਼ਾਨ
ਚਮਕੌਰ ਸਾਹਿਬ ਨਗਰ ਕੌਂਸਲ ਨੂੰ ਹਾਲੇ ਪਿਛਲੇ ਮਹੀਨੇ ਹੀ ਛੋਟੇ ਸ਼ਹਿਰਾਂ ਦੇ ਵਰਗ ਵਿੱਚ ਸਵੱਛਤਾ ਅਧੀਨ ਪਹਿਲਾ ਸਥਾਨ ਹਾਸਲ ਹੋਇਆ ਹੈ ਪਰ ਸ਼ਹਿਰ ਦੇ 13 ਵਾਰਡਾਂ ਵਿੱਚੋਂ ਕੂੜਾ ਚੁੱਕਣ ਵਾਲੀਆਂ ਅਣਢੱਕੀਆਂ ਟਰਾਲੀਆਂ ਤੋਂ ਲੋਕ ਬੇਹੱਦ ਪ੍ਰੇਸ਼ਾਨ ਹਨ। ਟਰੈਕਟਰਾਂ ਦੇ ਪਿੱਛੇ ਟਰਾਲੀਆਂ ਅਣਢੱਕੀਆਂ ਹੋਣ ਕਾਰਨ ਇਨ੍ਹਾਂ ਵਿੱਚੋਂ ਬਹੁਤ ਸਾਰਾ ਕੂੜਾ ਰਾਹ ਵਿੱਚ ਡਿੱਗ ਪੈਂਦਾ ਹੈ, ਜਿਸ ਨਾਲ ਬਦਬੂ ਫੈਲ ਜਾਂਦੀ ਹ । ਬਰਸਾਤ ਦਾ ਮੌਸਮ ਕਾਰਨ ਸਬੰਧਤ ਕਰਮਚਾਰੀਆਂ ਦੀਆਂ ਅਜਿਹੀਆਂ ਅਣਗਹਿਲੀਆਂ ਸਦਕਾ ਬਿਮਾਰੀ ਫੈਲਣ ਦਾ ਵੀ ਖਦਸ਼ਾ ਹੈ। ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਮਨਦੀਪ ਸਿੰਘ ਮਾਂਗਟ, ਪੰਜਾਬ ਕਲਾਂ ਮੰਚ ਦੇ ਪ੍ਰਧਾਨ ਕੁਲਜਿੰਦਰਜੀਤ ਸਿੰਘ ਬੰਬਰ, ਕੱਪੜਾ ਵਪਾਰੀ ਡਿੰਪਲ ਬਜਾਜ ਅਤੇ ਯੂਥ ਆਗੂ ਗੁਰਵਿੰਦਰ ਸਿੰਘ ਸੋਨਾ ਆਦਿ ਨੇ ਮੰਗ ਕੀਤੀ ਹੈ ਕਿ ਕੂੜਾ ਚੁੱਕਣ ਵਾਲੀਆਂ ਟਰਾਲੀਆਂ ਅਤੇ ਉਨ੍ਹਾਂ ਤੇ ਕੰਮ ਕਰਦੇ ਕਾਮਿਆਂ ਨੂੰ ਹਦਾਇਤ ਕੀਤੀ ਜਾਵੇ ਕਿ ਉਹ ਟਰਾਲੀਆਂ ਨੂੰ ਢੱਕ ਕੇ ਸਹੀ ਢੰਗ ਨਾਲ ਕੂੜੇ ਦਾ ਪ੍ਰਬੰਧਨ ਕਰਨ।
ਮੁਲਾਜ਼ਮਾਂ ਨੂੰ ਸਖਤ ਤਾੜਨਾ ਕਰਾਂਗਾ: ਸੈਨੇਟਰੀ ਇੰਸਪੈਕਟਰ
ਨਗਰ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਸਤਨਾਮ ਸਿੰਘ ਨੇ ਕਿਹਾ ਕਿ ਉਹ ਸਬੰਧਤ ਮੁਲਾਜ਼ਮਾਂ ਨੂੰ ਸਖਤ ਤਾੜਨਾ ਕਰਨਗੇ ਕਿ ਉਹ ਅੱਗੇ ਤੋਂ ਕੂੜੇ ਵਾਲੀਆਂ ਟਰਾਲੀਆਂ ਨੂੰ ਕੱਪੜੇ ਨਾਲ ਹੀ ਢੱਕ ਕੇ ਲਿਜਾਣ ਤਾਂ ਜੋ ਕਿ ਕੋਈ ਵੀ ਦੁਕਾਨਦਾਰ ਤੇ ਰਾਹਗੀਰ ਪ੍ਰੇਸ਼ਾਨ ਨਾ ਹੋਣ।