Relief Fund: ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਦੇ ਬਿਆਨਾਂ ’ਚ ਵੱਡਾ ਅੰਤਰ: ਬਾਜਵਾ ਨੇ ਕੇਂਦਰੀ ਵਿੱਤ ਮੰਤਰੀ ਨੂੰ ਲਿੱਖੀ ਚਿੱਠੀ
Flood Relief Fund: ਹੜ੍ਹ ਰਾਹਤ ਫੰਡ ਜਿਸ ਬਾਰੇ ਲਗਾਤਾਰ ਵੱਖ-ਵੱਖ ਬਿਆਨ ਸਾਹਮਣੇ ਆ ਰਹੇ ਹਨ। ਇਸ ਨੂੰ ਲੈ ਕੇ ਹੁਣ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਇਕ ਚਿੱਠੀ ਰਾਹੀਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੂੰ ਲਿਖਿਆ ਹੈ ਕਿ ਉਹ ਸੂਬਾ ਰਾਹਤ ਫੰਡ ਬਾਰੇ (SDRF) ਦੀ ਜਾਣਕਾਰੀ ਦੇਣ।
ਉਨ੍ਹਾਂ ਕਿਹਾ ਕਿ SDRF ਫੰਡਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦੇ ਬਿਆਨਾਂ ਵਿੱਚ ਵੱਡਾ ਅੰਤਰ ਨਜ਼ਰ ਆ ਰਿਹਾ ਹੈ।
ਉਨ੍ਹਾਂ ਮੰਗ ਕੀਤੀ ਕਿ SDRF ਫੰਡਾਂ ਬਾਰੇ ਜੋ ਦਾਅਵੇ ਕੀਤੇ ਜਾ ਰਹੇ ਹਨ, ਉਨ੍ਹਾਂ ਵਿੱਚ ਕੋਈ ਗਲਤਫ਼ਹਿਮੀ ਜਾਂ ਗੜਬੜੀ ਤਾਂ ਨਹੀਂ, ਇਹ ਸਚਾਈ ਸਾਹਮਣੇ ਆਉਣੀ ਚਾਹੀਦੀ ਹੈ।
ਉਨ੍ਹਾਂ ਨੇ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਨੇ 1,600 ਕਰੋੜ ਰੁਪਏ ਦੀ ਮਦਦ ਦਾ ਐਲਾਨ ਕੀਤਾ ਤਾਂ ਉਨ੍ਹਾਂ ਨੇ ਖੁਦ ਕਿਹਾ ਸੀ ਕਿ 2010 ਤੋਂ 2025 ਤੱਕ ਦੇ ਜਮ੍ਹਾਂ ਹੋਏ SDRF ਫੰਡਾਂ ਵਿੱਚੋਂ ਲਗਭਗ 12,000 ਕਰੋੜ ਰੁਪਏ ਪੰਜਾਬ ਸਰਕਾਰ ਕੋਲ ਮੌਜੂਦ ਹਨ।
ਪਰ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਕਹਿੰਦੇ ਹਨ ਕਿ ਉਨ੍ਹਾਂ ਨੂੰ ਕੇਂਦਰ ਵੱਲੋਂ ਸਿਰਫ 1,582 ਕਰੋੜ ਰੁਪਏ ਮਿਲੇ ਹਨ, ਜਿਨ੍ਹਾਂ ਵਿੱਚੋਂ 649 ਕਰੋੜ ਰੁਪਏ ਖਰਚ ਹੋ ਚੁੱਕੇ ਹਨ। ਇਹ ਦੋਹਾਂ ਬਿਆਨਾਂ ਵਿੱਚ ਵੱਡਾ ਅੰਤਰ ਹੈ।
ਮੁੱਖ ਸਕੱਤਰ ਨੇ ਵੀ ਇਹ ਕਿਹਾ ਹੈ ਕਿ 12,000 ਕਰੋੜ ਰੁਪਏ ਦੀ ਗਿਣਤੀ ਜ਼ਿਆਦਾਤਰ ਕਾਗਜ਼ੀ ਲਿਖਤਾਂ ਵਿੱਚ ਦਿਖਾਈ ਗਈ ਲੱਗਦੀ ਹੈ। ਜਦਕਿ 31 ਮਾਰਚ 2023 ਤੱਕ ਦੇ CAG ਰਿਪੋਰਟ ਮੁਤਾਬਕ SDRF ਫੰਡ ਵਿੱਚ 9,041.74 ਕਰੋੜ ਰੁਪਏ ਹਨ, ਜਿਸ ਵਿੱਚ ਟ੍ਰਾਂਸਫਰ ਹੋਏ ਪੈਸੇ ਅਤੇ ਵਿਆਜ ਵੀ ਸ਼ਾਮਲ ਹੈ।
ਬਾਜਵਾ ਨੇ ਕਿਹਾ, “ ਇਹ ਤਰ੍ਹਾਂ ਦੀਆਂ ਗੜਬੜੀਆਂ ਨਜ਼ਰਅੰਦਾਜ਼ ਨਹੀਂ ਕੀਤੀਆਂ ਜਾ ਸਕਦੀਆਂ। ਪੰਜਾਬ ਵਿਧਾਨ ਸਭਾ 26 ਤੋਂ 29 ਸਤੰਬਰ 2025 ਤੱਕ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਲਈ ਰਾਹਤ ਅਤੇ ਮੁੜਵਸੇਬੇ ਲਈ ਚਰਚਾ ਲਈ ਇਜਲਾਸ ਸੱਦਿਆ ਗਿਆ ਹੈ, ਇਸ ਲਈ SDRF ਫੰਡ ਦੀ ਅਸਲ ਸਥਿਤੀ ਦਾ ਸਾਫ਼ ਹੋਣਾ ਬਹੁਤ ਜ਼ਰੂਰੀ ਹੈ।”
ਉਨ੍ਹਾਂ ਨੇ ਕਿਹਾ ਕਿ ਹੜ੍ਹ ਪੀੜਤ ਲੱਖਾਂ ਲੋਕਾਂ ਦੀ ਮਦਦ ਕਰਨ ਲਈ ਸੂਬਾ ਸਰਕਾਰ ਦੀ ਯੋਗਤਾ ਇਨ੍ਹਾਂ ਫੰਡਾਂ ’ਤੇ ਨਿਰਭਰ ਕਰਦੀ ਹੈ।
ਉਨ੍ਹਾਂ ਨੇ ਮੰਗ ਕੀਤੀ ਕਿ 2021–22 ਤੋਂ ਲੈ ਕੇ ਹੁਣ ਤੱਕ ਦੀ ਇੱਕ ਪੂਰੀ ਅਤੇ ਤਸਦੀਕਸ਼ੁਦਾ ਰਿਪੋਰਟ ਦਿੱਤੀ ਜਾਵੇ, ਜਿਸ ਵਿੱਚ ਇਹ ਸਾਫ਼ ਹੋਵੇ:
• ਹਰ ਸਾਲ ਲਈ SDRF ਹੇਠ ਮਿਲੇ ਕੇਂਦਰੀ ਅਤੇ ਸੂਬਾ ਸਰਕਾਰ ਦੇ ਹਿੱਸੇ ਦੇ ਫੰਡ, ਨਾਲ ਹੀ ਜਿਹੜਾ ਨਾ ਖਰਚਿਆ ਗਿਆ ਪੈਸਾ ਹੈ, ਉੱਤੇ ਮਿਲਿਆ ਵਿਆਜ ਵੀ ਦੱਸਿਆ ਜਾਵੇ
• ਹਰ ਸਾਲ ਸੂਬਾ ਸਰਕਾਰ ਵੱਲੋਂ ਇਹ ਫੰਡ ਕਿੱਥੇ ਅਤੇ ਕਿੰਨਾ ਖਰਚਿਆ ਗਿਆ, ਇਹ ਵੀ ਸਾਫ਼ ਕੀਤਾ ਜਾਵੇ।