ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਿਟੀ ਬਿਊਟੀਫੁਲ ’ਚ ਮੀਂਹ ਨਾਲ ਹੁੰਮਸ ਤੋਂ ਰਾਹਤ

8.1 ਐੱਮਐੱਮ ਮੀਂਹ ਪਿਆ; ਅਗਲੇ ਪੰਜ ਦਿਨ ਰੁਕ-ਰੁਕ ਕੇ ਮੀਂਹ ਪੈਣ ਦੀ ਪੇਸ਼ੀਨਗੋਈ
ਚੰਡੀਗੜ੍ਹ ਦੀ ਸੁਖਨਾ ਝੀਲ ’ਤੇ ਸ਼ਨਿਚਰਵਾਰ ਨੂੰ ਮੀਂਹ ਦਾ ਆਨੰਦ ਮਾਣਦੇ ਹੋਏ ਸੈਲਾਨੀ। -ਫੋਟੋ: ਰਵੀ ਕੁਮਾਰ
Advertisement

ਆਤਿਸ਼ ਗੁਪਤਾ

ਚੰਡੀਗੜ੍ਹ, 24 ਅਗਸਤ

Advertisement

ਸਿਟੀ ਬਿਊਟੀਫੁੱਲ ਵਿੱਚ ਅਗਸਤ ਮਹੀਨੇ ਦੇ ਅਖੀਰ ਵਿੱਚ ਪੈ ਰਹੇ ਮੀਂਹ ਨੇ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਦਿਵਾ ਦਿੱਤੀ ਹੈ। ਅੱਜ ਸ਼ਹਿਰ ਵਿੱਚ ਦੁਪਹਿਰ ਸਮੇਂ ਪਏ ਮੀਂਹ ਨੇ ਮੌਸਮ ਸੁਹਾਵਣਾ ਕਰ ਦਿੱਤਾ, ਜਿਸ ਕਰਕੇ ਲੋਕਾਂ ਨੇ ਅਤਿ ਦੀ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਹੈ। ਇਸ ਦੌਰਾਨ ਚੰਡੀਗੜ੍ਹ ਵਿੱਚ ਵੱਖ ਵੱਖ ਥਾਵਾਂ ’ਤੇ ਵੱਖ ਵੱਖ ਸਮੇਂ ’ਤੇ ਮੀਂਹ ਪਿਆ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਚੰਡੀਗੜ੍ਹ ਸ਼ਹਿਰ ਵਿੱਚ 8.1 ਐੱਮਐੱਮ ਮੀਂਹ ਪਿਆ ਹੈ, ਜਦੋਂ ਕਿ ਚੰਡੀਗੜ੍ਹ ਏਅਰਪੋਰਟ ’ਤੇ 27 ਐੱਮਐੱਮ ਮੀਂਹ ਪਿਆ। ਮੌਸਮ ਵਿਗਿਆਨੀਆਂ ਨੇ ਅਗਲੇ ਪੰਜ ਦਿਨ 25 ਅਗਸਤ ਤੋਂ 29 ਅਗਸਤ ਤੱਕ ਸ਼ਹਿਰ ਵਿੱਚ ਰੁਕ-ਰੁਕ ਕੇ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 35.1 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 25.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜ਼ਿਕਰਯੋਗ ਹੈ ਕਿ ਅੱਜ ਸਵੇਰ ਵੇਲੇ ਹਲਕੀ ਧੁੱਪ ਨਿਕਲੀ ਪਰ ਦੁਪਹਿਰੇ ਇਕ ਵਜੇ ਦੇ ਕਰੀਬ ਇਕਦਮ ਮੀਂਹ ਪੈਣਾ ਸ਼ੁਰੂ ਹੋ ਗਿਆ। ਇਸ ਮੀਂਹ ਨਾਲ ਸ਼ਹਿਰ ਦੀਆਂ ਕੁਝ ਸੜਕਾਂ ਪਾਣੀ ਨਾਲ ਭਰ ਗਈਆਂ ਜਿਸ ਕਾਰਨ ਲੋਕਾਂ ਨੂੰ ਵਾਹਨ ਚਲਾਉਣ ਸਮੇਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਮੀਂਹ ਕਰਕੇ ਸ਼ਹਿਰ ਦਾ ਮੌਸਮ ਸੁਹਾਵਣਾ ਹੋ ਗਿਆ ਸੀ ਜਿਸ ਕਰਕੇ ਵੱਡੀ ਗਿਣਤੀ ਲੋਕ ਸੁਖਨਾ ਝੀਲ ਤੇ ਰੌਕ ਗਾਰਡਨ ’ਤੇ ਪੁੱਜੇ ਪਰ ਮੀਂਹ ਤੋਂ ਕੁਝ ਸਮੇਂ ਬਾਅਦ ਨਿਕਲੀ ਧੁੱਪ ਨੇ ਮੁੜ ਹੁੰਮਸ ਕਰ ਦਿੱਤੀ। ਇਸ ਕਾਰਨ ਲੋਕਾਂ ਨੂੰ ਸ਼ਾਮ ਸਮੇਂ ਮੁੜ ਤੋਂ ਗਰਮੀ ਦਾ ਸਾਹਮਣਾ ਕਰਨਾ ਪਿਆ।

ਚੰਡੀਗੜ੍ਹ ਵਿੱਚ ਇਸ ਸਾਲ 22.9 ਫ਼ੀਸਦ ਘੱਟ ਪਿਆ ਮੀਂਹ

ਸਿਟੀ ਬਿਊਟੀਫੁਲ ਚੰਡੀਗੜ੍ਹ ਵਿੱਚ ਇਸ ਵਰ੍ਹੇ ਮੌਨਸੂਨ ਦੀ ਰਫ਼ਤਾਰ ਸੁਸਤ ਰਹੀ ਹੈ। ਇਸ ਵਾਰ ਚੰਡੀਗੜ੍ਹ ਵਿੱਚ ਮੌਨਸੂਨ ਦਾ ਮੀਂਹ ਆਮ ਨਾਲੋਂ 22.9 ਫ਼ੀਸਦ ਘੱਟ ਪਿਆ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ 1 ਜੂਨ ਤੋਂ ਹੁਣ ਤੱਕ 520.9 ਐੱਮਐੱਮ ਮੀਂਹ ਪਿਆ ਹੈ। ਜਦੋਂ ਕਿ ਇਹ ਮੀਂਹ ਆਮ ਨਾਲੋਂ ਘੱਟ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਆਮ ਤੌਰ ’ਤੇ ਇਸ ਅਰਸੇ ਦੌਰਾਨ ਚੰਡੀਗੜ੍ਹ ਵਿੱਚ 600 ਐੱਮਐੱਮ ਤੋਂ ਵੱਧ ਮੀਂਹ ਪੈਣਾ ਚਾਹੀਦਾ ਹੈ।

ਸੀਵਰੇਜ ਦਾ ਪਾਣੀ ਸੜਕਾਂ ’ਤੇ ਭਰਿਆ; ਲੋਕਾਂ ਦੀ ਪ੍ਰੇਸ਼ਾਨੀ ਵਧੀ

ਰੂਪਨਗਰ ਵਿੱਚ ਸੀਵਰੇਜ ਦੇ ਪਾਣੀ ਵਿੱਚੋਂ ਲੰਘਦੇ ਹੋਏ ਲੋਕ।

ਰੂਪਨਗਰ (ਜਗਮੋਹਨ ਸਿੰਘ): ਰੂਪਨਗਰ ਸ਼ਹਿਰ ਦੇ ਕਈ ਮੁਹੱਲਿਆਂ ਦੇ ਵਸਨੀਕ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ, ਉੱਥੇ ਹੀ ਸ਼ਹਿਰ ਦੇ ਸੀਵਰੇਜ ਦੀ ਹਾਲਤ ਵੀ ਕਾਫੀ ਬਦਤਰ ਹੋ ਚੁੱਕੀ ਹੈ। ਮਾਮੂਲੀ ਜਿਹੀ ਬਰਸਾਤ ਦੌਰਾਨ ਹੀ ਸ਼ਹਿਰ ਦੇ ਸੀਵਰੇਜ ਦੇ ਮੇਨਹੋਲ ਓਵਰਫਲੋਅ ਹੋਣ ਲੱਗ ਪੈਂਦੇ ਹਨ। ਅੱਜ ਦੁਪਹਿਰ ਸਮੇਂ 15 ਕੁ ਮਿੰਟ ਪਈ ਬਰਸਾਤ ਦੌਰਾਨ ਨਗਰ ਕੌਂਸਲ ਦੇ ਦਫਤਰ ਨੇੜੇ ਸਥਿਤ ਪੁਲ ਬਾਜ਼ਾਰ, ਡੀਏਵੀ ਸਕੂਲ ਰੋਡ, ਬੇਲਾ ਚੌਕ, ਮਲਹੋਤਰਾ ਕਲੋਨੀ, ਗਿਆਨੀ ਜ਼ੈਲ ਸਿੰਘ ਨਗਰ ਅਤੇ ਕਈ ਹੋਰ ਥਾਵਾਂ ’ਤੇ ਸੀਵਰੇਜ ਦੇ ਮੇਨਹੋਲਾਂ ਰਾਹੀਂ ਨਾ‌ਲਿਆਂ ਦਾ ਬਦਬੂ ਮਾਰਦਾ ਪਾਣੀ ਸ਼ਹਿਰ ਦੀਆਂ ਗਲੀਆਂ ਵਿੱਚ ਘੁੰਮਣ ਲੱਗ ਪਿਆ। ਇਸ ਪਾਣੀ ਦੀ ਬਦਬੂ ਕਾਰਨ ਜਿੱਥੇ ਸਾਰਾ ਦਿਨ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਵਿੱਚ ਬੜੀ ਮੁਸ਼ਕਿਲ ਨਾਲ ਬੈਠਣਾ ਪਿਆ, ਉੱਥੇ ਹੀ ਬਾਹਰੋਂ ਕੰਮ ਲਈ ਆਏ ਲੋਕਾਂ ਨੂੰ ਬਦਬੂ ਮਾਰਦੇ ਪਾਣੀ ਵਿੱਚੋਂ ਦੀ ਲੰਘਣਾ ਪਿਆ। ਸ਼ਹਿਰ ਦੇ ਦੁਕਾਨਦਾਰਾਂ ਨੇ ਨਗਰ ਕੌਂਸਲ, ਸੀਵਰੇਜ ਬੋਰਡ, ਜ਼ਿਲ੍ਹਾ ਪ੍ਰਸ਼ਾਸਨ ਅਤੇ ਹਲਕਾ ਵਿਧਾਇਕ ਤੋਂ ਮੰਗ ਕੀਤੀ ਕਿ ਲੋਕਾਂ ਦੀ ਇਸ ਮੁਸ਼ਕਿਲ ਦਾ ਜਲਦੀ ਹੱਲ ਕੀਤਾ ਜਾਵੇ।

Advertisement
Show comments