ਹਵਾਈ ਉਡਾਣਾਂ ਰੱਦ ਹੋਣ ’ਤੇ 7 ਦਸੰਬਰ ਤਕ ਪੈਸੇ ਵਾਪਸ ਕੀਤੇ ਜਾਣ: ਸ਼ਹਿਰੀ ਹਵਾਬਾਜ਼ੀ ਮੰਤਰਾਲਾ
ਇੰਡੀਗੋ ਦੀਆਂ ਵੱਡੀ ਪੱਧਰ ’ਤੇ ਉਡਾਣਾਂ ਰੱਦ ਹੋਣ ਕਾਰਨ ਯਾਤਰੀਆਂ ਨੂੰ ਖਾਸੀ ਪ੍ਰੇਸ਼ਾਨੀ ਹੋ ਰਹੀ ਹੈ ਤੇ ਉਹ ਹਵਾਈ ਅੱਡਿਆਂ ’ਤੇ ਖੱਜਲ ਖੁਆਰ ਹੋ ਰਹੇ ਹਨ। ਇਸ ਦਰਮਿਆਨ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਇੰਡੀਗੋ ਨੂੰ ਰੱਦ ਕੀਤੀਆਂ ਉਡਾਣਾਂ ਦਾ ਐਤਵਾਰ 7 ਦਸੰਬਰ ਰਾਤ 8 ਵਜੇ ਤੱਕ ਯਾਤਰੀਆਂ ਨੂੰ ਰਿਫੰਡ ਦੇਣ ਦਾ ਹੁਕਮ ਦਿੱਤਾ ਹੈ। ਏਅਰਲਾਈਨ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਉਡਾਣ ਰੱਦ ਹੋਣ ਕਾਰਨ ਯਾਤਰੀਆਂ ਤੋਂ ਲਿਆ ਗਿਆ ਸਾਰਾ ਸਾਮਾਨ (ਬੈਗ) ਅਗਲੇ 48 ਘੰਟਿਆਂ ਦੇ ਅੰਦਰ ਉਨ੍ਹਾਂ ਨੂੰ ਮੁਹੱਈਆ ਕਰਵਾਇਆ ਜਾਵੇ।
ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਵੱਲੋਂ 1,000 ਤੋਂ ਵੱਧ ਉਡਾਣਾਂ ਰੱਦ ਕਰਨ ਤੋਂ ਬਾਅਦ ਮੰਤਰਾਲੇ ਨੇ ਕਿਹਾ ਕਿ ਰਿਫੰਡ ਪ੍ਰਕਿਰਿਆ ਵਿੱਚ ਕਿਸੇ ਵੀ ਦੇਰੀ ਜਾਂ ਪਾਲਣਾ ਨਾ ਕਰਨ ’ਤੇ ਤੁਰੰਤ ਰੈਗੂਲੇਟਰੀ ਕਾਰਵਾਈ ਕੀਤੀ ਜਾਵੇਗੀ। ਏਅਰਲਾਈਨਾਂ ਨੂੰ ਇਹ ਵੀ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਉਨ੍ਹਾਂ ਯਾਤਰੀਆਂ ਲਈ ਕੋਈ ਵੀ ਰਿਸ਼ਡਿਊਲਿੰਗ ਚਾਰਜ ਨਾ ਲਗਾਉਣ ਜਿਨ੍ਹਾਂ ਦੀਆਂ ਹਵਾਈ ਟਿਕਟਾਂ ਰੱਦ ਕਰ ਦਿੱਤੀਆਂ ਗਈਆਂ ਸਨ। ਇੰਡੀਗੋ ਦੀਆਂ ਸ਼ਨਿਚਰਵਾਰ ਨੂੰ ਵੱਖ-ਵੱਖ ਹਵਾਈ ਅੱਡਿਆਂ ਤੋਂ 400 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਮੰਤਰਾਲੇ ਨੇ ਕਿਹਾ ਕਿ ਏਅਰਲਾਈਨ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਡਾਣ ਰੱਦ ਹੋਣ ਜਾਂ ਦੇਰੀ ਕਾਰਨ ਯਾਤਰੀਆਂ ਤੋਂ ਵੱਖ ਕੀਤੇ ਗਏ ਸਮਾਨ ਦਾ ਪਤਾ ਲਗਾਇਆ ਜਾਵੇ ਅਤੇ ਅਗਲੇ 48 ਘੰਟਿਆਂ ਦੇ ਅੰਦਰ ਇਹ ਸਾਮਾਨ ਯਾਤਰੀਆਂ ਕੋਲ ਪਹੁੰਚਾਇਆ ਜਾਵੇ।
