ਰੀਅਲ ਅਸਟੇਟ ਕਨਕਲੇਵ: ਆਧੁਨਿਕ ਹਾਊਸਿੰਗ ਤਕਨੀਕਾਂ ’ਤੇ ਚਰਚਾ
ਦਿ ਟ੍ਰਿਬਿਊਨ ਰੀਅਲ ਅਸਟੇਟ ਕਨਕਲੇਵ-2025’ ਅੱਜ ਇੱਥੋਂ ਦੇ ਹਯਾਤ ਰਿਜੈਂਸੀ ਹੋਟਲ ਵਿੱਚ ਕਰਵਾਈ ਗਈ ਜਿਸ ਵਿੱਚ ਰੀਅਲ ਅਸਟੇਟ ਕਾਰੋਬਾਰੀਆਂ ਨੇ ਇਸ ਸੈਕਟਰ ਨਾਲ ਜੁੜੇ ਲੋਕਾਂ ਨੂੰ ਵਧੀਆ-ਵਧੀਆ ਜਾਣਕਾਰੀ ਮੁਹੱਈਆ ਕਰਵਾਈਆਂ ਅਤੇ ਮੌਜੂਦਾ ਸਮੇਂ ਵਿੱਚ ਚੱਲ ਰਹੀਆਂ ਆਧੁਨਿਕ ਹਾਊਸਿੰਗ ਤਕਨੀਕਾਂ ਅਤੇ ਹਾਊਸਿੰਗ ਸਬੰਧੀ ਤੇਜ਼ੀ ਨਾਲ ਬਦਲਦੇ ਰੁਝਾਨਾਂ ’ਤੇ ਕਰਵਾਈ ਗਈ ਪੈਨਲ ਚਰਚਾ ਵਿੱਚ ਹਿੱਸਾ ਲਿਆ। ਹਾਊਸਿੰਗ ਅਤੇ ਸ਼ਹਿਰੀ ਵਿਕਾਸ, ਮਾਲੀਆ, ਪੁਨਰਵਾਸ ਅਤੇ ਆਫ਼ਤ ਪ੍ਰਬੰਧਨ, ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਪੰਜਾਬ ਹਰਦੀਪ ਸਿੰਘ ਮੁੰਡੀਆਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਪ੍ਰਮੁੱਖ ਸਕੱਤਰ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ ਵਿਕਾਸ ਗਰਗ ਆਈ ਏ ਐੱਸ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।
ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚ ਰੀਅਲ ਅਸਟੇਟ ਸੈਕਟਰ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਪ੍ਰਕਿਰਿਆਵਾਂ ਨੂੰ ਸਰਲ ਬਣਾਇਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਨੇ 11 ਮੈਂਬਰੀ ਰੀਅਲ ਅਸਟੇਟ ਕਮੇਟੀ ਬਣਾਈ ਗਈ ਹੈ ਜਿਸ ਵਿੱਚ ਡਿਵੈੱਲਪਰਾਂ ਜਾਂ ਬਿਲਡਰਾਂ ਦੇ ਸੁਝਾਅ ਲਏ ਜਾਣਗੇ ਤਾਂ ਇਸ ਨੂੰ ਹੋਰ ਸੁਖ਼ਾਲ਼ਾ ਕੀਤਾ ਜਾ ਸਕੇ। ਉਨ੍ਹਾਂ ਟ੍ਰਿਬਿਊਨ ਗਰੁੱਪ ਵੱਲੋਂ ਕਰਵਾਏ ਇਸ ਪ੍ਰੋਗਰਾਮ ਦੀ ਸ਼ਲਾਘਾ ਵੀ ਕੀਤੀ।
ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਗਰਗ ਨੇ ਕਿਹਾ ਕਿ ਸਾਲ-2007 ਵਿੱਚ ਤਿਆਰ ਕੀਤੇ ਗਏ ਮੁਹਾਲੀ ਮਾਸਟਰ ਪਲਾਨ ਵਿੱਚ ਵਿਸਥਾਰ ਅਤੇ ਹੋਰ ਖੇਤਰਾਂ ਨੂੰ ਸ਼ਾਮਲ ਕਰਨ ਦੀ ਵੱਡੀ ਮੰਗ ਸੀ, ਜਿਸ ਦੇ ਚਲਦਿਆਂ ਮੁਹਾਲੀ ਵਿੱਚ ਯੋਜਨਾਬੱਧ ਵਿਕਾਸ ਕੀਤਾ ਜਾ ਰਿਹਾ ਹੈ।
ਕਨਕਲੇਵ ਦੌਰਾਨ ਰੀਅਲ ਅਸਟੇਟ ਸੈਕਟਰ ਦੇ ਕਾਰੋਬਾਰੀਆਂ ਨਾਲ ਪੈਨਲ ਚਰਚਾ ਦਾ ਸੰਚਾਲਨ ਜੇ ਪੀ ਸਿੰਘ ਐਂਡ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਪ੍ਰਭਨੂਰ ਸਿੰਘ ਨੇ ਕੀਤਾ। ਹੈਂਪਟਨ ਹੋਮਜ਼ ਟਾਈਟਲ ਸਪਾਂਸਰ, ਏ ਆਈ ਬਾਸਿਰ ਗਰੁੱਪ ਆਫ ਇੰਡਸਟਰੀਜ਼ ਗਿਫ਼ਟਿੰਗ ਪਾਰਟਨਰ ਤੇ ਆਈ ਜੇ ਐੱਮ ਸਟਾਰ ਡਰਾਈਵ ਪਾਰਟਨਰ ਸਨ। ਕਨਕਲੇਵ ਵਿੱਚ ਪੈਨਲਿਸਟਾਂ ਦੇ 45-45 ਮਿੰਟ ਦੇ ਦੋ ਸ਼ੈਸ਼ਨ ਕਰਵਾਏ ਗਏ।
ਪਹਿਲੇ ਸੈਸ਼ਨ ਵਿੱਚ ਹੈਂਪਟਨ ਹੋਮਜ਼ ਤੋਂ ਨਕੁਲ ਅਰੋੜਾ, ਈ ਵੀ ਓ ਕਿਊ ਤੋਂ ਅਮਰਜੀਤ ਸਿੰਘ, ਅੰਬਿਕਾ ਰੀਅਲਕੌਨ ਪ੍ਰਾਈਵੇਟ ਲਿਮਟਿਡ ਤੋਂ ਹਰਮਿਲ ਠਾਕੁਰ, ਐੱਸ ਬੀ ਪੀ ਗਰੁੱਪ ਤੋਂ ਸੁਨੀਲ ਬਖਸ਼ੀ, ਐੱਫ ਟਾਵਰਸ ਗਲੈਨਵਰਲਡ ਰਿਐਲਟੀ ਤੋਂ ਗਗਨ ਯੁਵਰਾਜ ਸ਼ਾਮਲ ਹੋਏ। ਦੂਜੇ ਸੈਸ਼ਨ ਵਿੱਚ ਐੱਸ ਐੱਲ ਪੀ ਬੀ ਸਕਾਈਟੱਚ ਪੀਰਮੁਛੱਲਾ ਤੋਂ ਮੁਨੀਤ ਗਰਗ ਅਤੇ ਸੁਨੀਲ ਬਾਂਸਲ, ਅਟਲੈਂਟਿਸ ਤੋਂ ਦੀਪਤ ਗਰਗ, ਹਰਮਿਟੇਜ ਗਰੁੱਪ ਤੋਂ ਆਸ਼ੀਸ਼ ਅਰੋੜਾ, ਮੈਜਸਟਿਕ ਰਾਈਸ ਤੋਂ ਸੰਜੀਵ ਠਾਕੁਰ, ਰਾਇਸੋਨਿਕ ਤੋਂ ਨਿਤਿਨ ਭੱਟਾਚਾਰੀਆ ਸ਼ਾਮਲ ਹੋਏ।
