ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

RCB ਦੀ ਜਿੱਤ ਦੇ ਜਸ਼ਨ ਮਾਤਮ ’ਚ ਬਦਲੇ, ਬੰਗਲੂਰੂ ਦੇ ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਭਗਦੜ ’ਚ 11 ਹਲਾਕ, 33 ਜ਼ਖ਼ਮੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਸਿੱਧਾਰਮੱਈਆ ਨੇ ਹਾਦਸੇ ਵਿਚ ਗਈਆਂ ਜਾਨਾਂ ’ਤੇ ਦੁੱਖ ਜਤਾਇਆ; ਮੁੱਖ ਮੰਤਰੀ ਸਿੱਧਾਰਮਈਆ ਵੱਲੋਂ ਮੈਜਿਸਟਰੇਟੀ ਜਾਂਚ ਦੇ ਹੁਕਮ; ਮ੍ਰਿਤਕਾਂ ਦੇ ਵਾਰਸਾਂ ਲਈ 10-10 ਲੱਖ ਦਾ ਮੁਆਵਜ਼ਾ ਐਲਾਨਿਆ
ਬੰਗਲੁਰੂ ਵਿਚ ਕ੍ਰਿਕਟ ਸਟੇਡੀਅਮ ਦੇ ਬਾਹਰ ਹਾਲਾਤ ਸੰਭਾਲਣ ਦੀ ਕੋਸ਼ਿਸ਼ ਕਰਦੇ ਹੋਏ ਪੁਲੀਸ ਮੁਲਾਜ਼ਮ. video grab
Advertisement

ਬੰਗਲੂਰੂ, 4 ਜੂਨ

ਇੰਡੀਅਨ ਪ੍ਰੀਮੀਅਰ ਲੀਗ ਦੇ ਖਿਤਾਬੀ ਮੁਕਾਬਲੇ ਵਿਚ ਰੌਇਲ ਚੈਲੇਂਜਰਜ਼ ਬੰਗਲੂਰੂ (Royal Challengers Bengaluru - RCB) ਦੀ ਜਿੱਤ ਤੋਂ ਇੱਕ ਦਿਨ ਬਾਅਦ ਜੇਤੂ ਟੀਮ ਦੀ ਇਕ ਝਲਕ ਪਾਉਣ ਲਈ ਬੁੱਧਵਾਰ ਨੂੰ ਬੰਗਲੂਰੂ ਦੇ ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਹਜ਼ਾਰਾਂ ਦੀ ਗਿਣਤੀ ’ਚ ਇਕੱਤਰ RCB ਪ੍ਰਸ਼ੰਸਕਾਂ ਵਿਚ ਭਗਦੜ ਮੱਚਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਅਤੇ 33 ਹੋਰ ਜ਼ਖ਼ਮੀ ਹੋ ਗਏ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮੱਈਆ ਨੇ ਭਗਦੜ ਵਿਚ ਗਈਆਂ ਜਾਨਾਂ ’ਤੇ ਦੁੱਖ ਦਾ ਇਜ਼ਹਾਰ ਕੀਤਾ ਹੈ। ਮੁੱਖ ਮੰਤਰੀ ਸਿੱਧਾਰਮਈਆ ਨੇ ਭਗਦੜ ਦੀ ਘਟਨਾ ਦੇ ਮੈਜਿਸਟਰੇਟੀ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਮ੍ਰਿਤਕਾਂ ਦੇ ਵਾਰਸਾਂ ਲਈ 10-10 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਰੇ ਜ਼ਖ਼ਮੀਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।

Advertisement

ਸਿੱਧਾਰਮੱਈਆ ਨੇ ਕਿਹਾ, ‘‘ਭਾਜਪਾ ਇਸ ਹਾਦਸੇ ਨੂੰ ਲੈ ਕੇ ਸਿਆਸਤ ਕਰ ਰਹੀ ਹੈ। ਮੈਂ ਸਿਆਸਤ ਨਹੀਂ ਕਰਨਾ ਚਾਹੁੰਦਾ। ਮੈਂ ਇਸ ਦੁਖਾਂਤ ਦੇ ਬਚਾਅ ਵਿਚ ਕੁਝ ਨਹੀਂ ਕਹਿਣਾ ਚਾਹੁੰਦਾ। ਮੈਜਿਸਟਰੇਟੀ ਜਾਂਚ ਲਈ 15 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ।’’

ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮਈਆ ਹਸਪਤਾਲ ਵਿਚ ਜ਼ੇਰੇ ਇਲਾਜ ਜ਼ਖ਼ਮੀਆਂ ਦਾ ਹਾਲਚਾਲ ਪੁੱਛਦੇ ਹੋਏ। ਫੋਟੋ: ਪੀਟੀਆਈ

ਮੁੱਖ ਮੰਤਰੀ ਨੇ ਕਿਹਾ, ‘‘ਸਟੇਡੀਅਮ ਦਾ ਗੇਟ ਛੋਟਾ ਹੈ ਤੇ ਉਥੇ ਵੱਡੀ ਗਿਣਤੀ ਲੋਕ ਇਕੱਤਰ ਹੋ ਗਏ। ਉਨ੍ਹਾਂ ਗੇਟ ਤੋੜ ਦਿੱਤਾ, ਜਿਸ ਕਰਕੇ ਭਗਦੜ ਮੱਚ ਗਈ।’’ ਉਨ੍ਹਾਂ ਕਿਹਾ ਕਿ ਇਹ ਹਾਦਸਾ ਨਹੀਂ ਹੋਣਾ ਚਾਹੀਦਾ ਸੀ ਤੇ ਸਰਕਾਰ ਇਸ ’ਤੇ ਦੁੱਖ ਜਤਾਉਂਦੀ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਮੁਹੱਈਆ ਕਰਵਾਉਣਾ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਸੀ ਜਦੋਂਕਿ ਬਾਕੀ ਪ੍ਰਬੰਧ ਕ੍ਰਿਕਟ ਐਸੋਸੀਏਸ਼ਨ ਨੇ ਦੇਖਣੇ ਸਨ। ਮੁੱਖ ਮੰਤਰੀ ਨੇ ਮਗਰੋਂ ਹਸਪਤਾਲ ਜਾ ਕੇ ਜ਼ਖ਼ਮੀਆਂ ਦੀ ਖ਼ਬਰਸਾਰ ਵੀ ਲਈ।

ਉਧਰ ਪ੍ਰਧਾਨ ਮੰਤਰੀ ਨੇ ਹਾਦਸੇ ਨੂੰ ‘ਦਿਲ ਦਹਿਲਾ ਦੇਣ ਵਾਲਾ’ ਦੱਸਿਆ। ਸ੍ਰੀ ਮੋਦੀ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਬੰਗਲੂਰੂ ਵਿੱਚ ਵਾਪਰੀ ਘਟਨਾ ਬਹੁਤ ਹੀ ਦਿਲ ਦਹਿਲਾ ਦੇਣ ਵਾਲੀ ਹੈ। ਇਸ ਦੁਖਦਾਈ ਘੜੀ ਵਿੱਚ, ਮੇਰੀਆਂ ਸੰਵੇਦਨਾਵਾਂ ਉਨ੍ਹਾਂ ਸਾਰਿਆਂ ਨਾਲ ਹਨ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ। ਮੈਂ ਜ਼ਖ਼ਮੀਆਂ ਦੇ ਜਲਤੀ ਸਿਹਤਯਾਬ ਹੋਣ ਦੀ ਪ੍ਰਾਰਥਨਾ ਕਰਦਾ ਹਾਂ।’’ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਜਾਨੀ ਨੁਕਸਾਨ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ।

ਬੰਗਲੂਰੂ ਦੇ ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਮੱਚੀ ਭਗਦੜ ਮਗਰੋਂ ਲੱਗਾ ਜੁੱਤੀਆਂ ਦਾ ਢੇਰ। ਫੋਟੋ: ਪੀਟੀਆਈ

ਜਾਣਕਾਰੀ ਅਨੁਸਾਰ ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਭਾਰੀ ਭੀੜ ਇਕੱਠੀ ਹੋ ਗਈ ਸੀ, ਜਿਸ ਨੂੰ ਕਾਬੂ ਕਰਨਾ ਸੁਰੱਖਿਆ ਕਰਮਚਾਰੀਆਂ ਦੇ ਵੱਸ ਵਿਚ ਨਾ ਰਿਹਾ। ਸਮਝਿਆ ਜਾਂਦਾ ਹੈ ਕਿ ਇਸੇ ਕਾਰਨ ਇਹ ਹਾਦਸਾ ਹੋਇਆ ਹੈ। ਕਾਬਿਲੇਗੌਰ ਹੈ ਕਿ ਆਈਪੀਐੱਲ ਦੇ ਫਾਈਨਲ ਵਿਚ RCB ਦੀ ਜਿੱਤ ਮਗਰੋਂ ਕਰਨਾਟਕ ਰਾਜ ਕ੍ਰਿਕਟ ਐਸੋਸੀਏਸ਼ਨ (KSCA) ਟੀਮ ਦੇ ਸਨਮਾਨ ਲਈ ਸਟੇਡੀਅਮ ਵਿਚ ਸਨਮਾਨ ਸਮਾਗਮ ਰੱਖਿਆ ਸੀ।

ਹਾਦਸੇ ਦੇ ਮੱਦੇਨਜ਼ਰ ਚਿੰਨਾਸਵਾਮੀ ਸਟੇਡੀਅਮ (Chinnaswamy Stadium, Bengaluru) ਦੇ ਨੇੜੇ ਮੈਟਰੋ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਦੱਸਣਯੋਗ ਹੈ ਕਿ ਰੌਇਲ ਚੈਲੇਂਜਰਜ਼ ਬੰਗਲੂਰੂ ਨੇ ਬੁੱਧਵਾਰ ਨੂੰ ਅਹਿਮਦਾਬਾਦ ਵਿੱਚ ਆਈਪੀਐਲ ਫਾਈਨਲ ਵਿੱਚ ਪੰਜਾਬ ਕਿੰਗਜ਼(PBKS) ਨੂੰ 6 ਦੌੜਾਂ ਨਾਲ ਹਰਾਇਆ ਸੀ। ਇਹ ਆਰਸੀਬੀ ਅਤੇ ਇਸ ਦੇ ਸਟਾਰ ਖਿਡਾਰੀ ਵਿਰਾਟ ਕੋਹਲੀ ਲਈ IPL ਦੀ ਪਹਿਲੀ ਖ਼ਿਤਾਬੀ ਜਿੱਤ ਸੀ।

Advertisement