ਮੁਹਾਲੀ ਵਿੱਚ ਅੱਧੀ ਦਰਜਨ ਤੋਂ ਵੱਧ ਥਾਵਾਂ ’ਤੇ ਸਾੜੇ ਰਾਵਣ ਦੇ ਪੁਤਲੇ
ਮੁਹਾਲੀ ਸ਼ਹਿਰ ਵਿਚ ਅੱਧੀ ਦਰਜਨ ਤੋਂ ਵੱਧ ਥਾਵਾਂ ’ਤੇ ਦਸਹਿਰਾ ਧੂਮ ਧਾਮ ਨਾਲ ਮਨਾਇਆ ਗਿਆ। ਸਮੁੱਚੇ ਸਮਾਗਮਾਂ ਵਿਚ ਵੱਡੀ ਗਿਣਤੀ ਵਿਚ ਸ਼ਹਿਰ ਵਾਸੀਆਂ, ਜਿਨ੍ਹਾਂ ਵਿਚ ਮਹਿਲਾਵਾਂ ਤੇ ਬੱਚਿਆਂ ਨੇ ਸ਼ਿਰਕਤ ਕੀਤੀ। ਸ਼ਹਿਰ ਦੇ ਸੈਕਟਰ 77, ਸੈਕਟਰ 79 ਅਤੇ ਸੈਕਟਰ 70 ਵਿਚ ਦੁਸਹਿਰੇ ਮੌਕੇ ਵੱਡੇ ਇਕੱਠ ਦੇਖਣ ਨੂੰ ਮਿਲੇ। ਪੁਤਲੇ ਸਾੜਨ ਤੋਂ ਬਾਅਦ ਸ਼ਹਿਰ ਦੀਆਂ ਵੱਖ ਵੱਖ ਸੜਕਾਂ ਤੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਵੀ ਲੱਗ ਗਈਆਂ ਅਤੇ ਸ਼ਹਿਰ ਦੀਆਂ ਸੜਕਾਂ ’ਤੇ ਇੱਕ ਘੰਟੇ ਦੇ ਕਰੀਬ ਟਰੈਫ਼ਿਕ ਜਾਮ ਵਰਗੇ ਹਾਲਾਤ ਬਣੇ ਰਹੇ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਮੁਹਾਲੀ ਕਲਾ, ਸੱਭਿਆਚਾਰ ਅਤੇ ਅਤੇ ਵੈੱਲਫੇਅਰ ਕਲੱਬ ਵਲੋਂ ਸਥਾਨਕ ਸੈਕਟਰ 79 ਵਿਚ ਐਮਿਟੀ. ਸਕੂਲ ਦੇ ਸਾਹਮਣੇ ਪਾਰਕ ਵਿਚ ਕਰਵਾਏ ਦਸਹਿਰਾ ਮੇਲੇ ਵਿਚ ਰਾਵਣ ਦਾ 100 ਫੁੱਟ ਉੱਚਾ ਅਤੇ ਮੇਘਨਾਦ ਅਤੇ ਕੁੰਭਕਰਨ ਦੇ 70 ਫੁੱਟ ਉੱਚੇ ਬਣਾਏ ਪੁਤਲੇ ਸਾੜੇ ਗਏ, ਜਦਕਿ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਦਾ ਚੌਥਾ ਪੁਤਲਾ ਵੀ ਸਾੜਿਆ ਗਿਆ। ਕਲੱਬ ਦੇ ਪ੍ਰਧਾਨ ਕੁਲਦੀਪ ਸਿੰਘ ਸਮਾਣਾ ਤੇ ਜਨਰਲ ਸਕੱਤਰ ਫੂਲਰਾਜ ਸਿੰਘ ਦੀ ਅਗਵਾਈ ਵਿਚ, ਮਹਾਰਾਸ਼ਟਰ ਅਤੇ ਰਾਜਸਥਾਨ ਦੇ ਕਲਾਕਾਰਾਂ ਵਲੋਂ ਝਾਕੀਆਂ ਨਾਲ ਦਸਹਿਰਾ ਮਨਾਇਆ ਗਿਆ। ਵਿਧਾਇਕ ਕੁਲਵੰਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਕਲਾਕਾਰਾਂ ਵਲੋਂ ਸੈਕਟਰ 80 ਮੰਦਰ ਤੋਂ ਦਸਹਿਰਾ ਸਥਾਨ ਤੱਕ ਇੱਕ ਸੋਭਾ ਯਾਤਰਾ ਵੀ ਕੱਢੀ ਗਈ।
ਇਸੇ ਤਰ੍ਹਾਂ ਦਸਿਹਰਾ ਕਮੇਟੀ ਵਲੋਂ ਸਥਾਨਕ ਸੈਕਟਰ 77 ਵਿਚ ਦਸਹਿਰਾ ਮੇਲੇ ਦਾ ਸਮਾਗਮ ਕਰਵਾਇਆਂ ਗਿਆ। ਮੇਲੇ ਵਿਚ ਰਾਵਣ ਦੇ 80 ਫੁੱਟ ਉੱਚੇ ਪੁਤਲੇ ਅਤੇ ਕੁੰਭਕਰਨ ਅਤੇ ਮੇਘਨਾਥ ਦੇ 70 ਫੁੱਟ ਉੱਚੇ ਬਣਾਏ ਪੁਤਲੇ ਸਾੜੇ ਗਏ ਜਦਕਿ ਚੌਥਾ ਪੁਤਲਾ ਪਹਿਲਗਾਮ ਹਮਲੇ ਦੇ ਅਤਿਵਾਦੀਆਂ ਦਾ ਸਾੜਿਆ ਗਿਆ। ਇਸ ਮੌਕੇ ਡੀ ਸੀ ਕੋਮਲ ਮਿੱਤਲ ਮੁੱਖ ਮਹਿਮਾਨ ਸਨ। ਇਸੇ ਤਰ੍ਹਾਂ ਸੈਕਟਰ 70 ਵਿਚ, ਅਮਰ ਹਸਪਤਾਲ ਦੇ ਨਾਲ ਲੱਗਦੇ ਮੈਦਾਨ ਵਿਚ ਸ੍ਰੀ ਰਾਮ-ਲਾਲਾ ਅਤੇ ਦਸਹਿਰਾ ਕਮੇਟੀ ਵਲੋਂ ਦਸਹਿਰਾ ਮਨਾਇਆ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ, ਸਰਬਜੀਤ ਸਿੰਘ ਸਮਾਣਾ, ਰਤਨ ਕਾਲਜ ਦੇ ਚੇਅਰਮੈਨ ਸੁੰਦਰ ਲਾਲ ਅਗਰਵਾਲ, ਸੁਨੀਲ ਬਾਂਸਲ, ਅਸ਼ੋਕ ਗੋਇਲ, ਸਮਾਜ ਸੇਵਿਕਾ ਆਭਾ ਬਾਂਸਲ, ਕਿਸਾਨ ਆਗੂ ਤਜਿੰਦਰ ਸਿੰਘ ਪੂਨੀਆ ਅਤੇ ਰਵਿੰਦਰ ਗੋਇਲ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸੇ ਤਰਾਂ ਫੇਜ਼ 1 ਵਿਚ ਸਥਿਤ ਅੰਕੁਸ਼ ਕਲੱਬ ਨੇ ਪਿੰਡ ਮੁਹਾਲੀ ਨੇੜੇ ਦਸਹਿਰਾ ਦਾ ਪ੍ਰੋਗਰਾਮ ਕਰਵਾਇਆ ਗਿਆ। ਸ੍ਰੀ ਰਾਮਲੀਲਾ ਅਤੇ ਦਸਹਿਰਾ ਕਮੇਟੀ, ਫੇਜ਼ 1, ਮੁਹਾਲੀ ਵੱਲੋਂ ਧੂਮ ਧਾਮ ਨਾਲ ਦਸਹਿਰਾ ਮਨਾਇਆ ਗਿਆ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ, ਮੇਅਰ ਜੀਤੀ ਸਿੱਧੂ ਅਤੇ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸੈਕਟਰ 85, ਵੇਵ ਅਸਟੇਟ ਵਿਚ ਰਾਮ-ਲੀਲਾ ਕਮੇਟੀ ਵਲੋਂ ਦਸਹਿਰਾ ਮਨਾਇਆ ਗਿਆ।
ਮੋਰਿੰਡਾ (ਸੰਜੀਵ ਤੇਜਪਾਲ): ਇਥੇ ਸ੍ਰੀ ਰਾਮ ਲੀਲਾ ਕਮੇਟੀ ਦੇ ਪ੍ਰਧਾਨ ਸ੍ਰੀ ਵਿਜੈ ਕੁਮਾਰ ਟਿੰਕੂ ਦੀ ਅਗਵਾਈ ਹੇਠ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਦਸਹਿਰਾ ਮਨਾਇਆ ਗਿਆ। ਇਸ ਮੌਕੇ ਸ੍ਰੀ ਰਾਮ ਲੀਲਾ ਕਮੇਟੀ ਦੇ ਪ੍ਰਧਾਨ ਵਿਜੈ ਕੁਮਾਰ ਟਿੰਕੂ ਅਤੇ ਰਾਮਲੀਲਾ ਕਮੇਟੀ ਦੇ ਚੇਅਰਮੈਨ ਰਕੇਸ਼ ਕੁਮਾਰ ਬੱਗਾ ਵੱਲੋਂ ਰਾਵਣ ਦੇ ਪੁਤਲੇ ਨੂੰ ਫੂਕਣ ਦੀ ਰਸਮ ਅਦਾ ਕੀਤੀ ਗਈ।
ਕੁਰਾਲੀ (ਮਿਹਰ ਸਿੰਘ): ਸਥਾਨਕ ਸ਼ਹਿਰ ਅਤੇ ਆਸਪਾਸ ਦੇ ਪਿੰਡਾਂ ਵਿਚ ਉਤਸ਼ਾਹ ਨਾਲ ਦਸਹਿਰਾ ਮਨਾਇਆ ਗਿਆ। ਇਸ ਸਬੰਧੀ ਮੁੱਖ ਸਮਾਗਮ ਅੱਜ ਸਥਾਨਕ ਦਸਹਿਰਾ ਮੈਦਾਨ ਵਿੱਚ ਕਰਵਾਇਆ ਗਿਆ। ਸਥਾਨਕ ਦਸਹਿਰਾ ਮੇਲਾ ਕਮੇਟੀ ਅਤੇ ਰਾਮਲੀਲਾ ਕਮੇਟੀ ਵੱਲੋਂ ਦਸਹਿਰਾ ਮੈਦਾਨ ਵਿੱਚ ਕਰਵਾਏ ਸਮਾਗਮ ਦੌਰਾਨ ਭਗਵਾਨ ਰਾਮ ਦੇ ਜੀਵਨ ਨਾਲ ਸਬੰਧਤ ਝਾਕੀਆਂ ਪੇਸ਼ ਕੀਤੀਆਂ ਗਈਆਂ। ਇਸੇ ਦੌਰਾਨ ਰਾਵਣ, ਕੁੰਭਕਰਨ ਤੇ ਮੇਘਨਾਦ ਦੇ ਪੁਤਲਿਆਂ ਨੂੰ ਅੱਗ ਲਗਾਈ।
ਲਾਲੜੂ (ਸਰਬਜੀਤ ਸਿੰਘ ਭੱਟੀ): ਇਥੇ ਦਸਹਿਰਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ , ਉਥੇ ਹੀ ਰਾਵਣ ਦਹਿਣ ਦੇ ਮੌਕੇ ਮੀਂਹ ਪੈਣ ਕਾਰਨ ਲੋਕ ਘਰਾਂ ਨੂੰ ਪਰਤ ਗਏ। ਇਸ ਤੋਂ ਪਹਿਲਾਂ ਹਲਕੇ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਸਣੇ ਡੀਐੱਸਪੀ ਡੇਰਾਬੱਸੀ ਬਿਕਰਮਜੀਤ ਸਿੰਘ ਬਰਾੜ ਤੇ ਹੋਰ ਪਤਵੰਤੇ ਲਾਲੜੂ ਦੇ ਮੇਲੇ ’ਚ ਸ਼ਾਮਲ ਹੋਏ। ਜਿਸ ਦੌਰਾਨ ਰੰਗਾ ਰੰਗ ਸੱਭਿਆਚਾਰਕ ਪ੍ਰੋਗਰਾਮ ਵੀ ਚੱਲਦਾ ਰਿਹਾ।
ਅਮਲੋਹ ’ਚ ਗਾਇਕ ਆਰ ਨੇਤ ਨੇ ਅਖਾੜਾ ਲਾਇਆ
ਅਮਲੋਹ (ਰਾਮ ਸਰਨ ਸੂਦ): ਸ੍ਰੀ ਰਾਮ ਦਸਹਿਰਾ ਕਮੇਟੀ ਅਮਲੋਹ ਵੱਲੋਂ ਦਸਹਿਰੇ ਦੇ ਤਿਉਹਾਰ ਨੂੰ ਮੁੱਖ ਰੱਖ ਕੇ ਅੱਜ ਸ਼ਹਿਰ ਵਿਚ ਵਿਸ਼ਾਲ ਸੋਭਾ ਯਾਤਰਾ ਸਜਾਈ ਗਈ, ਜਿਸ ਵਿਚ ਅਮਲੋਹ ਹਲਕੇ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਸਣੇ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਅਹੁੱਦੇਦਾਰਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ। ਬਾਅਦ ਵਿੱਚ ਸਰਕਾਰੀ ਸੈਕੰਡਰੀ ਸਕੂਲ ਅਮਲੋਹ ਦੇ ਗਰਾਊਂਡ ਵਿੱਚ ਬੰਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦਸਹਿਰਾ ਮਨਾਇਆ ਗਿਆ ਜਿਸ ਵਿੱਚ ਪ੍ਰਸਿੱਧ ਗਾਇਕ ਆਰ ਨੇਤ ਨੇ ਅਖਾੜਾ ਲਗਾ ਕੇ ਹਜ਼ਾਰਾਂ ਸਰੋਤਿਆਂ ਦਾ ਮੰਨੋਰਜਨ ਕੀਤਾ।
ਖਮਾਣੋਂ ’ਚ ਸਤਵਿੰਦਰ ਬੁੱਗੇ ਨੇ ਲਾਈਆਂ ਰੌਣਕਾਂ
ਖਮਾਣੋਂ (ਜਗਜੀਤ ਕੁਮਾਰ): ਇਥੇ ਸ਼ੰਕਰ ਡਰਾਮਾਟਿਕ ਕਲੱਬ, ਰਾਮਲੀਲਾ ਕਮੇਟੀ ਅਤੇ ਦਸਹਿਰਾ ਕਮੇਟੀ ਖਮਾਣੋਂ ਵੱਲੋਂ ਦਸਹਿਰਾ ਉਤਸ਼ਾਹ ਨਾਲ ਮਨਾਇਆ ਗਿਆ। ਰੁਪਿੰਦਰ ਸਿੰਘ ਹੈਪੀ ਹਲਕਾ ਵਿਧਾਇਕ ਬਸੀ ਪਠਾਣਾ ਇਸ ਮੌਕੇ ਵਿਸ਼ੇਸ਼ ਤੌਰ ਉੱਤੇ ਪਹੁੰਚੇ ਅਤੇ ਆਪਣੇ ਸੰਬੋਧਨ ਵਿੱਚ ਉਨ੍ਹਾਂ ਵੱਲੋਂ ਹਲਕਾ ਵਾਸੀਆਂ ਨੂੰ ਦਸਹਿਰੇ ਦੀ ਵਧਾਈ ਦਿੱਤੀ। ਸੱਭਿਆਚਾਰਕ ਸਮਾਗਮ ਦੌਰਾਨ ਉੱਘੇ ਪੰਜਾਬੀ ਗਾਇਕ ਸਤਵਿੰਦਰ ਬੁੱਗਾ ਨੇ ਆਪਣੇ ਗੀਤਾਂ ਨਾਲ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ। ਮੰਚ ਦੀ ਸੰਚਾਲਨਾ ਸੰਜੀਵ ਕਾਲੜਾ ਨੇ ਬਾਖੂਬੀ ਨਿਭਾਈ। ਰਾਵਣ ਦੇ ਪੁਤਲੇ ਨੂੰ ਅਗਨ ਭੇਟ ਕਰਨ ਦੀ ਰਸਮ ਪ੍ਰਧਾਨ ਰਮੇਸ਼ ਕੁਮਾਰ ਗਾਬਾ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਜੁੜੇ ਲੋਕਾਂ ਦੀ ਹਾਜ਼ਰੀ ਵਿੱਚ ਨਿਭਾਈ।
ਅੰਬਾਲਾ ’ਚ ਸ੍ਰੀ ਰਾਮ ਦੀ ਸੈਨਾ ਤੋਂ ਬਿਨਾਂ ਹੀ ਰਾਵਣ ਦਾ ਪੁਤਲਾ ਫੂਕਿਆ
ਅੰਬਾਲਾ (ਪੱਤਰ ਪ੍ਰੇਰਕ): ਨਿਊ ਮਾਡਲ ਕਲੋਨੀ ਵਿੱਚ ਕਰਵਾਏ ਦਸਹਿਰਾ ਸਮਾਗਮ ਦੌਰਾਨ ਮੌਸਮ ਵਿੱਚ ਆਈ ਅਚਾਨਕ ਤਬਦੀਲੀ ਕਾਰਨ ਵਿਲੱਖਣ ਦ੍ਰਿਸ਼ ਵੇਖਣ ਨੂੰ ਮਿਲਿਆ। ਭਾਰੀ ਬਾਰਿਸ਼ ਦੀ ਸੰਭਾਵਨਾ ਦੇ ਚਲਦਿਆਂ ਸ੍ਰੀਰਾਮ ਦੀ ਸੈਨਾ ਮੈਦਾਨ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਰਾਵਣ ਦਾ ਪੁਤਲਾ ਹਲਕੀ ਬਾਰਿਸ਼ ਵਿਚਕਾਰ ਅੱਗ ਲਗਾ ਕੇ ਦਹਨ ਕਰ ਦਿੱਤਾ ਗਿਆ। ਦਹਨ ਹੋਣ ਤੋਂ ਕੁਝ ਹੀ ਸਮੇਂ ਬਾਅਦ ਗੜੇ ਪੈਣੇ ਸ਼ੁਰੂ ਹੋ ਗਏ ਅਤੇ ਇੰਦਰ ਦੇਵਤਾ ਦੀ ਕਿਰਪਾ ਨਾਲ ਪੁਤਲੇ ਦੀ ਅੱਗ ਵੀ ਬੁਝ ਗਈ।