ਰੰਧਾਵਾ ਵੱਲੋਂ ਦੋ ਟਿਊਬਵੈੱਲਾਂ ਦਾ ਉਦਘਾਟਨ
ਹਲਕਾ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਅੱਜ ਨਗਰ ਕੌਂਸਲ ਦੀ ਹਦੂਦ ਅੰਦਰ ਆਉਂਦੇ ਬਲਟਾਣਾ ਖੇਤਰ ਦੇ ਵਾਰਡ ਨੰਬਰ 1 ਅਤੇ 5 ਵਿੱਚ ਦੋ ਟਿਊਬਵੈੱਲਾਂ ਦਾ ਉਦਘਾਟਨ ਕਰ ਕੇ ਇਨ੍ਹਾਂ ਨੂੰ ਅਧਿਕਾਰਿਤ ਤੌਰ ’ਤੇ ਇਲਾਕਾ ਵਾਸੀਆਂ ਨੂੰ ਸਮਰਪਿਤ ਕੀਤਾ।
ਇਸ ਮੌਕੇ ਸ੍ਰੀ ਰੰਧਾਵਾ ਨੇ ਕਿਹਾ ਕਿ ਜਨਹਿਤ ਨਾਲ ਜੁੜੇ ਇਹ ਵਿਕਾਸਕਾਰੀ ਕਦਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਤੇਜ਼ੀ ਨਾਲ ਸੰਭਵ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਸਾਫ-ਸੁਥਰੇ ਤੇ ਭਰਪੂਰ ਪਾਣੀ ਦੀ ਉਪਲਬਧਤਾ ਯਕੀਨੀ ਬਣਾਉਣਾ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ।
ਉਨ੍ਹਾਂ ਕਿਹਾ ਕਿ ਇਹ ਨਵੇਂ ਟਿਊਬਵੈੱਲ ਬਲਟਾਣਾ ਇਲਾਕੇ ਦੇ ਉਨ੍ਹਾਂ ਹਿੱਸਿਆਂ ਵਿੱਚ ਲਾਏ ਗਏ ਹਨ, ਜਿੱਥੇ ਪਿਛਲੇ ਸਮੇਂ ਦੌਰਾਨ ਪਾਣੀ ਦੀ ਕਿਲਤ ਮਹਿਸੂਸ ਕੀਤੀ ਜਾ ਰਹੀ ਸੀ। ਇਸ ਪ੍ਰਾਜੈਕਟ ਦੇ ਸਾਕਾਰ ਰੂਪ ਵਿੱਚ ਆਉਣ ਨਾਲ ਸੈਂਕੜੇ ਘਰਾਂ ਨੂੰ ਸਾਫ਼ ਤੇ ਨਿਰਵਿਘਨ ਪਾਣੀ ਦੀ ਸਹੂਲਤ ਮਿਲੇਗੀ।
ਸ੍ਰੀ ਰੰਧਾਵਾ ਨੇ ਕਿਹਾ ਕਿ ਜ਼ੀਰਕਪੁਰ, ਡੇਰਾਬੱਸੀ ਅਤੇ ਆਸ-ਪਾਸ ਦੇ ਸ਼ਹਿਰੀ ਖੇਤਰਾਂ ਵਿੱਚ ਵਿਕਾਸ ਕੰਮ ਬਿਨਾਂ ਕਿਸੇ ਰੁਕਾਵਟ ਤੋਂ ਜਾਰੀ ਹਨ ਤੇ ਸਰਕਾਰ ਵੱਲੋਂ ਲੋਕ ਸਹੂਲਤਾਂ ਨਾਲ ਜੁੜੇ ਹੋਰ ਪ੍ਰਾਜੈਕਟ ਵੀ ਜਲਦ ਪੂਰੇ ਕੀਤੇ ਜਾਣਗੇ। ਇਸ ਮੌਕੇ ਸਥਾਨਕ ਵਾਰਡ ਵਾਸੀ, ਪਤਵੰਤੇ ਅਤੇ ਵਿਭਾਗੀ ਅਧਿਕਾਰੀ ਵੀ ਮੌਜੂਦ ਸਨ। ਉਨ੍ਹਾਂ ਨਵੇਂ ਟਿਊਬਵੈੱਲ ਚਾਲੂ ਹੋਣ ਨੂੰ ਇਲਾਕੇ ਲਈ ਵੱਡੀ ਰਾਹਤ ਦੱਸਿਆ।
