ਯੂ.ਟੀ. ਐਂਪਲਾਈਜ਼ ਤੇ ਵਰਕਰਜ਼ ਫੈਡਰੇਸ਼ਨ ਵੱਲੋਂ ਰੈਲੀ
ਆਲ ਇੰਡੀਆ ਸਟੇਟ ਗੌਰਮਿੰਟ ਐਂਪਲਾਈਜ਼ ਫੈਡਰੇਸ਼ਨ ਦੇ ਸੱਦੇ ’ਤੇ ਯੂ.ਟੀ., ਐੱਮ.ਸੀ. ਅਤੇ ਹੋਰ ਵਿਭਾਗਾਂ ਦੇ ਕਰਮਚਾਰੀਆਂ ਨੇ ਅੱਜ ਯੂ.ਟੀ. ਐਂਪਲਾਈਜ਼ ਐਂਡ ਵਰਕਰਜ਼ ਫੈਡਰੇਸ਼ਨ ਚੰਡੀਗੜ੍ਹ ਦੇ ਬੈਨਰ ਹੇਠ ਨਿਊ ਪਾਵਰ ਹਾਊਸ ਇੰਡਸਟਰੀਅਲ ਏਰੀਆ ਫੇਜ਼-1 ਵਿੱਚ ਰੋਸ ਰੈਲੀ ਕੀਤੀ। ਇਸ ਮੌਕੇ ਕੇਂਦਰ ਅਤੇ ਯੂ.ਟੀ. ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਰੈਲੀ ਦੌਰਾਨ ਪ੍ਰਧਾਨ ਮੰਤਰੀ ਨੂੰ ਇੱਕ ਮੰਗ ਪੱਤਰ ਭੇਜਿਆ ਗਿਆ ਜਿਸ ਵਿੱਚ ਉਨ੍ਹਾਂ ਦੇ ਦਖਲ ਦੀ ਮੰਗ ਕੀਤੀ ਗਈ।
ਫੈਡਰੇਸ਼ਨ ਦੇ ਪ੍ਰਧਾਨ ਰਾਜੇਂਦਰ ਕਟੋਚ, ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ, ਮੀਤ ਪ੍ਰਧਾਨ ਐੱਮ.ਐੱਮ. ਸੁਬਰਾਮਨੀਅਮ, ਅਤੇ ਪੈਨਸ਼ਨਰਜ਼ ਐਸੋਸੀਏਸ਼ਨ ਦੀ ਲੀਡਰਸ਼ਿਪ ਕਮੇਟੀ ਆਗੂ ਧਿਆਨ ਸਿੰਘ ਅਤੇ ਨਸੀਬ ਸਿੰਘ ਦੀ ਅਗਵਾਈ ਹੇਠ ਹੋਈ ਰੈਲੀ ਵਿੱਚ ਬਿਜਲੀ, ਪਾਣੀ, ਬਾਗਬਾਨੀ, ਸੜਕਾਂ, ਇਲੈਕਟ੍ਰੀਕਲ, ਐੱਮ.ਸੀ. ਮਨੀਮਾਜਰਾ, ਸਿਹਤ, ਆਵਾਜਾਈ, ਮਹਿਲਾ ਅਤੇ ਬਾਲ ਵਿਕਾਸ, ਠੋਸ ਰਹਿੰਦ-ਖੂੰਹਦ, ਕਜੌਲੀ ਵਾਟਰ ਵਰਕਸ ਅਤੇ ਸੰਚਾਰ ਸਣੇ ਯੂ.ਟੀ. ਅਤੇ ਐੱਮ.ਸੀ. ਵਿਭਾਗਾਂ ਦੇ ਕਰਮਚਾਰੀਆਂ ਨੇ ਸ਼ਮੂਲੀਅਤ ਕੀਤੀ। ਆਗੂਆਂ ਨੇ ਸਾਰੇ ਵਿਭਾਗਾਂ ਵਿੱਚ ਅਸਥਾਈ ਕਾਮਿਆਂ ਨੂੰ ਰੈਗੂਲਰ ਕਰਨ ਅਤੇ ਉਨ੍ਹਾਂ ਦੇ ਪੱਕੇ ਹੋਣ ਤੱਕ ਬਰਾਬਰ ਕੰਮ ਬਰਾਬਰ ਤਨਖਾਹ ਦੀ ਮੰਗ ਉਤੇ ਜ਼ੋਰ ਦਿੱਤਾ। ਰੈਲੀ ਨੂੰ ਸੰਬੋਧਨ ਕਰਦੇ ਹੋਏ ਫੈਡਰੇਸ਼ਨ ਦੇ ਜਨਰਲ ਸਕੱਤਰ ਹਰਕੇਸ਼ ਚੰਦ, ਸਹਾਇਕ ਜਨਰਲ ਸਕੱਤਰ ਅਮਰੀਕ ਸਿੰਘ, ਪ੍ਰਧਾਨ ਗੋਪਾਲ ਦੱਤ ਜੋਸ਼ੀ, ਸੰਯੁਕਤ ਸਕੱਤਰ ਵਿਨੈ ਪ੍ਰਸਾਦ ਭੱਟ ਨੇ ਕੇਂਦਰ ਸਰਕਾਰ ਤੇ ਯੂ.ਟੀ. ਪ੍ਰਸ਼ਾਸਨ ਦੀਆਂ ਕਰਮਚਾਰੀ ਵਿਰੋਧੀ ਨੀਤੀਆਂ ਦੀ ਆਲੋਚਨਾ ਕੀਤੀ। ਨਵ-ਨਿਯੁਕਤ ਪ੍ਰਧਾਨ ਰਾਜਿੰਦਰ ਕਟੋਚ ਨੇ ਕੇਂਦਰ ਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇ ਮੰਗਾਂ ਲਾਗੂ ਨਾ ਹੋਈਆਂ ਤਾਂ ਫੈਡਰੇਸ਼ਨ ਸੰਘਰਸ਼ ਤੇਜ਼ ਕਰੇਗੀ ਅਤੇ ਅਕਤੂਬਰ ਵਿੱਚ ਹੜਤਾਲ ਦਾ ਐਲਾਨ ਕਰੇਗੀ।