ਰਾਜ ਸਭਾ ਚੋਣ: ਆਜ਼ਾਦ ਉਮੀਦਵਾਰ ਨਵਨੀਤ ਚਤੁਰਵੇਦੀ ਵੱਲੋਂ ਦਸ ‘ਆਪ’ ਵਿਧਾਇਕਾਂ ਦੀ ਹਮਾਇਤ ਦਾ ਦਾਅਵਾ
ਪੰਜਾਬ ਵਿਚੋਂ ਰਾਜ ਸਭਾ ਦੀ ਇੱਕ ਸੀਟ ਲਈ 24 ਅਕਤੂਬਰ ਨੂੰ ਹੋਣ ਵਾਲੀ ਜ਼ਿਮਨੀ ਚੋਣ ਲਈ ਆਜ਼ਾਦ ਉਮੀਦਵਾਰ ਨਵਨੀਤ ਚਤੁਰਵੇਦੀ ਦੀ ਉਮੀਦਵਾਰੀ ਦੀ ਤਾਈਦ ਕਰਨ ਵਾਲੇ 10 ‘ਆਪ’ ਵਿਧਾਇਕਾਂ ਦਾ ਮਾਮਲਾ ਸਾਹਮਣੇ ਆਇਆ ਹੈ। ਨਵਨੀਤ ਚਤੁਰਵੇਦੀ ਦਾ ਦਾਅਵਾ ਹੈ ਕਿ ਇਨ੍ਹਾਂ 10 ਵਿਧਾਇਕਾਂ ਨੇ ਬਕਾਇਦਾ ਉਸ ਦੇ ਨਾਮ ਦੀ ਤਾਈਦ ਕੀਤੀ ਹੈ ਅਤੇ ਉਸ ਨੇ ਨਾਮਜ਼ਦਗੀ ਪੱਤਰਾਂ ਦੇ ਨਾਲ 10 ‘ਆਪ’ ਵਿਧਾਇਕਾਂ ਦੀ ਤਾਈਦ ਵਾਲਾ ਦਸਤਾਵੇਜ਼ ਵੀ ਸੌਂਪਿਆ ਹੈ।
ਇਨ੍ਹਾਂ ਦਸ ਵਿਧਾਇਕਾਂ ’ਚ ਰਜਨੀਸ਼ ਦਹੀਆ, ਨਰੇਸ਼ ਕਟਾਰੀਆ, ਸੁਖਬੀਰ ਸਿੰਘ ਮਾਈਸਰਖਾਨਾ, ਰਣਬੀਰ ਭੁੱਲਰ, ਗੁਰਲਾਲ ਸਿੰਘ ਘਨੌਰ, ਅਮੋਲਕ ਸਿੰਘ, ਮਨਜੀਤ ਸਿੰਘ ਬਿਲਾਸਪੁਰ, ਕੁਲਵੰਤ ਸਿੰਘ ਪੰਡੋਰੀ, ਗੁਰਪ੍ਰੀਤ ਸਿੰਘ ਵਣਾਂਵਾਲੀ ਅਤੇ ਕੁਲਵੰਤ ਸਿੰਘ ਬਾਜ਼ੀਗਰ ਦੇ ਨਾਮ ਸ਼ਾਮਲ ਹਨ।
ਆਜ਼ਾਦ ਉਮੀਦਵਾਰ ਨਵਨੀਤ ਚਤੁਰਵੇਦੀ ਨੇ ਇਨ੍ਹਾਂ ਵਿਧਾਇਕਾਂ ਦੇ ਨਾਮ ਵਾਲਾ ਪੱਤਰ ਵਿਧਾਨ ਸਭਾ ਸਕੱਤਰੇਤ ਕੋਲ ਸੌਂਪਿਆ ਗਿਆ ਹੈ। ਅੱਜ ਇਨ੍ਹਾਂ ਵਿਧਾਇਕਾਂ ਨੇ ਕਿਸੇ ਵੀ ਆਜ਼ਾਦ ਉਮੀਦਵਾਰ ਦੇ ਨਾਮ ਦੀ ਤਾਈਦ ਕਰਨ ਤੋਂ ਸਪਸ਼ਟ ਇਨਕਾਰ ਕਰ ਦਿੱਤਾ ਹੈ। ਇਨ੍ਹਾਂ ਵਿਧਾਇਕਾਂ ਨੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ‘ਆਪ’ ਦੇ ਪ੍ਰਧਾਨ ਅਮਨ ਅਰੋੜਾ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਫ਼ੋਨ ਕਰਕੇ ਦੱਸ ਦਿੱਤਾ ਹੈ ਕਿ ਉਨ੍ਹਾਂ ਨੇ ਕਿਸੇ ਵੀ ਆਜ਼ਾਦ ਵਿਧਾਇਕ ਦੇ ਨਾਮ ਦੀ ਰਾਜ ਸਭਾ ਦੀ ਨਾਮਜ਼ਦਗੀ ਲਈ ਤਾਈਦ ਨਹੀਂ ਕੀਤੀ ਹੈ। ਇਨ੍ਹਾਂ ਵਿਧਾਇਕਾਂ ਨੇ ਖ਼ਦਸ਼ਾ ਪ੍ਰਗਟਾਇਆ ਹੈ ਕਿ ਉਨ੍ਹਾਂ ਦੇ ਜਾਅਲੀ ਦਸਤਖ਼ਤ ਕੀਤੇ ਗਏ ਹਨ।
ਭਲਕੇ ਰਾਜ ਸਭਾ ਲਈ ਆਏ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਣੀ ਹੈ ਅਤੇ ਇਸ ਪੜਤਾਲ ’ਚ ਇਨ੍ਹਾਂ ਵਿਧਾਇਕਾਂ ਦੇ ਤਾਈਦ ਪੱਤਰ ’ਤੇ ਕੀਤੇ ਦਸਤਖਤਾਂ ਦਾ ਮਿਲਾਨ ਵਿਧਾਨ ਸਭਾ ਦੇ ਰਿਕਾਰਡ ’ਚ ਹੋਏ ਦਸਤਖਤਾਂ ਨਾਲ ਕੀਤਾ ਜਾਵੇਗਾ। ਸੂਤਰ ਦੱਸਦੇ ਹਨ ਕਿ ਤਾਈਦ ਵਾਲੇ ਪੱਤਰ ’ਚ ਪਹਿਲਾਂ ਵਿਧਾਇਕਾਂ ਦੇ ਨਾਮ ਲਿਖੇ ਗਏ ਹਨ ਅਤੇ ਹਰ ਵਿਧਾਇਕ ਦੇ ਨਾਮ ਦੇ ਸਾਹਮਣੇ ਮੁੜ ਉਸੇ ਤਰ੍ਹਾਂ ਹੀ ਹਰ ਵਿਧਾਇਕ ਦਾ ਨਾਮ ਲਿਖਿਆ ਗਿਆ ਹੈ।
ਪੰਜਾਬ ਦੇ ‘ਆਪ’ ਵਿਧਾਇਕਾਂ ਨੇ ਡੀਜੀਪੀ ਪੰਜਾਬ ਨੂੰ ਦਿੱਤੀ ਲਿਖਤੀ ਸ਼ਿਕਾਇਤ ਵਿਚ ਆਜ਼ਾਦ ਉਮੀਦਵਾਰ ਵਜੋਂ ਕਾਗਜ਼ ਦਾਖਲ ਕਰਨ ਵਾਲੇ ਨਵੀਨ ਚਤੁਰਵੇਦੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਵਿਧਾਇਕਾਂ ਨੇ ਕਿਹਾ ਕਿ ਉਨ੍ਹਾਂ ਨੇ ਰਾਜ ਸਭਾ ਦੀ ਚੋਣ ਲਈ ਨਵੀਨ ਚਤੁਰਵੇਦੀ ਦਾ ਕੋਈ ਸਮਰਥਨ ਨਹੀਂ ਕੀਤਾ ਹੈ ਅਤੇ ਇਸ ਉਮੀਦਵਾਰ ਨੇ ਉਨ੍ਹਾਂ ਦੀ ਦਿੱਖ ਖ਼ਰਾਬ ਕਰਨ ਲਈ ਅਜਿਹਾ ਕੀਤਾ ਹੈ।