ਰਾਜਵੀਰ ਜਵੰਦਾ ਦੀ ਸਿਹਤ ਵਿਚ ਨਹੀਂ ਹੋ ਰਿਹਾ ਸੁਧਾਰ
ਪਿਛਲੇ ਅੱਠ ਦਿਨਾਂ ਤੋਂ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਚ ਜ਼ੇਰੇ ਇਲਾਜ ਪੰਜਾਬੀ ਗਾਇਕ ਰਾਜਵੀਰ ਜਵੰਦਾ ਹੀ ਹਾਲਤ ਹਾਲੇ ਵੀ ਗੰਭੀਰ ਬਣੀ ਹੋਈ ਹੈ। ਉਨ੍ਹਾਂ ਨੂੰ ਵੈਂਟੀਲੇਟਰ ਅਤੇ ਜੀਵਨ ਬਚਾਊ ਉਪਕਰਣਾਂ ਤੇ ਰੱਖਿਆ ਗਿਆ ਹੈ। ਹਸਪਤਾਲ ਵੱਲੋਂ ਪਿਛਲੇ ਦੋ ਦਿਨਾਂ ਤੋਂ ਉਨ੍ਹਾਂ ਦੀ ਸਿਹਤ ਬਾਰੇ ਕੋਈ ਵਿਸ਼ੇਸ਼ ਬੁਲੇਟਿਨ ਜਾਰੀ ਕਰਨ ਦੀ ਥਾਂ ਉਨ੍ਹਾਂ ਦੀ ਹਾਲਤ ਪਹਿਲਾਂ ਵਰਗੀ ਹੀ ਬਣੀ ਹੋਣ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।
27 ਸਤੰਬਰ ਨੂੰ ਰਾਜਵੀਰ ਜਵੰਦਾ, ਬੱਦੀ ਤੋਂ ਸ਼ਿਮਲਾ ਨੂੰ ਜਾਂਦਿਆਂ ਮੋਟਰਸਾਈਕਲ ਅੱਗੇ ਪਸ਼ੂ ਆ ਜਾਣ ਕਾਰਨ ਗੰਭੀਰ ਜ਼ਖ਼ਮੀ ਹੋ ਗਏ ਸਨ। ਉਹ ਉਸੇ ਦਿਨ ਤੋਂ ਫੋਰਟਿਸ ਹਸਪਤਾਲ ਵਿਚ ਜ਼ੇਰੇ ਇਲਾਜ ਹਨ, ਜਿੱਥੇ ਡਾਕਟਰਾਂ ਦੀਆਂ ਉੱਚ ਪੱਧਰੀ ਟੀਮਾਂ ਵੱਲੋਂ ਉਨ੍ਹਾਂ ਦੀ ਸਿਹਤ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ।
ਉਨ੍ਹਾਂ ਦੇ ਸਿਰ, ਗਰਦਨ ਅਤੇ ਰੀੜ ਦੀ ਹੱਡੀ ਵਿਚ ਗੰਭੀਰ ਸੱਟਾਂ ਹਨ। ਉਹ ਬੇਹੋਸ਼ ਹਨ ਅਤੇ ਉਨ੍ਹਾਂ ਦੇ ਹੱਥ ਪੈਰ ਵੀ ਕੰਮ ਨਹੀਂ ਕਰ ਰਹੇ। ਉਨ੍ਹਾਂ ਦੀ ਪਤਨੀ, ਮਾਤਾ ਤੇ ਹੋਰ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਕਈਂ ਪੰਜਾਬੀ ਗਾਇਕ ਤੇ ਉਨ੍ਹਾਂ ਦੇ ਦੋਸਤ ਪਹਿਲੇ ਦਿਨ ਤੋਂ ਹਸਪਤਾਲ ਵਿਚ ਮੌਜੂਦ ਹਨ।
ਅਨੇਕਾਂ ਰਾਜਸੀ, ਧਾਰਮਿਕ, ਸਮਾਜਿਕ ਆਗੂ, ਕਲਾਕਾਰ ਅਤੇ ਵੱਡੀ ਗਿਣਤੀ ਵਿਚ ਉਨ੍ਹਾਂ ਦੇ ਪ੍ਰਸ਼ੰਸਕ ਵੀ ਰੋਜ਼ਾਨਾ ਹਸਪਤਾਲ ਵਿਚ ਪਹੁੰਚ ਰਹੇ ਹਨ ਅਤੇ ਦੁਨੀਆਂ ਭਰ ਵਿਚ ਵਸਦੇ ਪੰਜਾਬੀ ਉਨ੍ਹਾਂ ਦੀ ਸਿਹਤਯਾਬੀ ਦੀ ਦੁਆ ਕਰ ਰਹੇ ਹਨ।