ਮੀਂਹ ਦਾ ਕਹਿਰ: ਸ਼ਾਹਪੁਰ ਬੇਲਾ ਤੇ ਸਰਾਂ ਪਿੰਡਾਂ ਦਾ ਇਲਾਕੇ ਨਾਲੋਂ ਸੰਪਰਕ ਟੁੱਟਿਆ
ਲਗਾਤਾਰ ਪੈ ਰਹੇ ਮੀਂਹ ਕਾਰਨ ਨੂਰਪੁਰ ਬੇਦੀ ਦੇ ਕਈ ਹਿੱਸਿਆਂ ਵਿੱਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ ਜਦੋਂਕਿ ਸਤਲੁਜ ਦਰਿਆ ਨਾਲ ਲੱਗਦੇ ਦਰਜਨ ਪਿੰਡਾ ਪਾਣੀ ਦੀ ਲਪੇਟ ਵਿੱਚ ਹਨ। ਸ਼ਾਹਪੁਰ ਬੇਲਾ ਤੇ ਸਰਾਂ ਪਿੰਡਾਂ ਦਾ ਇਲਾਕੇ ਨਾਲੋਂ ਸੰਪਰਕ ਟੁੱਟ ਚੁੱਕਾ ਹੈ। ਚਾਰ-ਚੁਫੇਰੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਡਿਪਟੀ ਕਮਿਸ਼ਨਰ ਰੂਪਨਗਰ ਵਰਜੀਤ ਸਿੰਘ ਵਾਲੀਆ ਅਤੇ ਐੱਸਐੱਸਪੀ ਰੂਪਨਗਰ ਗੁਰਨੀਤ ਸਿੰਘ ਖੁਰਾਣਾ ਪੂਰਾ ਪ੍ਰਸ਼ਾਸਨ ਐੱਨ ਡੀ ਆਰ ਐੱਫ ਟੀਮਾਂ ਸਮੇਤ ਹੜ੍ਹ ਮਾਰੇ ਇਲਾਕਿਆਂ ਵਿੱਚ ਪਹੁੰਚ ਕੇ ਬਚਾਓ ਕਾਰਜਾਂ ਵਿੱਚ ਜੁਟ ਗਏ ਹਨ। ਸਥਿਤੀ ਨੂੰ ਦੇਖਦਿਆਂ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਨੇ ਖੁਦ ਮੋਰਚਾ ਸੰਭਾਲਦਿਆਂ ਤੇ ਲੋਕਾਂ ਦੀ ਸੁਰੱਖਿਆ ਲਈ ਮੌਕੇ ਦਾ ਜਾਇਜ਼ਾ ਲਿਆ। ਉਨ੍ਹਾਂ ਸ਼ਾਹਪੁਰ ਬੇਲਾ ਤੇ ਸਰਾਂ ਪਿੰਡਾਂ ਵਿੱਚ ਪਹੁੰਚ ਕੇ ਪ੍ਰਸ਼ਾਸਨਿਕ ਟੀਮਾਂ ਨਾਲ ਰਾਹਤ ਕਾਰਜ ਸ਼ੁਰੂ ਕਰਵਾਏ। ਐੱਨ ਡੀ ਆਰ ਐੱਫ ਟੀਮ ਨੇ ਪਾਣੀ ਵਿੱਚ ਘਿਰੇ ਕੁਝ ਪਰਿਵਾਰਾਂ ਨੂੰ ਪਿੰਡਾਂ ਵਿੱਚੋਂ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ। ਅਬਿਆਣਾ ਵਿਚ 10 ਘਰਾਂ ਦੇ ਮੈਂਬਰਾਂ ਨੂੰ ਸੁਰੱਖਿਆਤ ਥਾਂ ’ਤੇ ਪਹੁੰਚਾਇਆ ਗਿਆ। ਦੂਜੇ ਪਾਸੇ ਸ੍ਰੀ ਆਨੰਦਪੁਰ ਸਾਹਿਬ ਦੇ ਵਿਧਾਇਕ ਹਰਜੋਤ ਸਿੰਘ ਬੈਂਸ ਤੇ ਉਨ੍ਹਾਂ ਦੀ ਟੀਮ ਐੱਸਵਾਈਐੱਲ ਨਹਿਰ ਵਿੱਚ ਪਏ ਪਾੜ ਵਾਲੀ ਥਾਂ ਤੇ ਬਚਾਓ ਕਾਰਜਾਂ ਵਿੱਚ ਜੁਟ ਗਈ ਹੈ। ਡਿਪਟੀ ਕਮਿਸ਼ਨਰ ਰੂਪਨਗਰ ਵਰਜੀਤ ਸਿੰਘ ਵਾਲੀਆ ਨੇ ਕਿਹਾ ਕਿ ਭਾਖੜਾ ਡੈਮ ਵਿਚ ਪਾਣੀ ਹਾਲੇ ਵੀ ਪੰਜ ਜਾਂ ਸਾਢੇ ਪੰਜ ਫੁੱਟ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਸਥਿਤੀ ਕਾਬੂ ਹੇਠ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਵਾ ਨਦੀ ਅਤੇ ਦਰਿਆ ਦੇ ਕੰਢਿਆਂ ’ਤੇ ਨਾ ਜਾਣ। ਉਨ੍ਹਾਂ ਕਿਹਾ ਕਿ ਜੇ ਆਉਣ ਵਾਲੇ ਦਿਨਾਂ ਵਿੱਚ ਭਾਖੜਾ ਡੈਮ ਦਾ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਗਿਆ ਤਾਂ ਉਹ ਪਾਣੀ ਨਾਲ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਆ ਥਾਂ ਤੇ ਲਿਜਾਣ ਦੇ ਹੁਕਮ ਜਾਰੀ ਕਰਨਗੇ।