ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੀਂਹ ਕਾਰਨ ਟ੍ਰਾਈਸਿਟੀ ਵਾਸੀਆਂ ਦੀਆਂ ਮੁਸ਼ਕਿਲਾਂ ਵਧੀਆਂ

ਸੁਖਨਾ ਝੀਲ ਖਤਰੇ ਦੇ ਨਿਸ਼ਾਨ ’ਤੇ; ਦੋ ਫਲੱਡ ਗੇਟ ਖੋਲ੍ਹੇ
ਸੁਖਨਾ ਝੀਲ ਦੇ ਖੋਲ੍ਹੇ ਗਏ ਫਲੱਡ ਗੇਟਾਂ ’ਚੋਂ ਵਹਿੰਦਾ ਪਾਣੀ। -ਫੋਟੋ: ਪ੍ਰਦੀਪ ਤਿਵਾੜੀ
Advertisement

ਚੰਡੀਗੜ੍ਹ ਟ੍ਰਾਈਸਿਟੀ ਵਿੱਚ ਲੰਘੀ ਰਾਤ ਪਏ ਭਾਰੀ ਮੀਂਹ ਨੇ ਚੰਡੀਗੜ੍ਹ, ਮੁਹਾਲੀ ਤੇ ਪੰਚਕੂਲਾ ਨੂੰ ਜਲ-ਥਲ ਕਰ ਕੇ ਰੱਖ ਦਿੱਤਾ ਹੈ। ਇਸ ਦੇ ਨਾਲ ਹੀ ਸੁਖਨਾ ਝੀਲ ਵਿੱਚ ਵੀ ਪਾਣੀ ਦਾ ਪੱਧਰ ਵੱਧ ਗਿਆ ਹੈ, ਜਿਸ ਕਰਕੇ ਝੀਲ ਵਿੱਚ ਪਾਣੀ ਖਤਰੇ ਦਾ ਨਿਸ਼ਾਨ 1163 ਫੁੱਟ ਤੋਂ ਟੱਪ ਗਿਆ ਹੈ। ਝੀਲ ਵਿੱਚ ਪਾਣੀ ਦਾ ਪੱਧਰ ਵਧਦਾ ਦੇਖਦੇ ਹੋਏ ਯੂਟੀ ਪ੍ਰਸ਼ਾਸਨ ਨੇ ਅੱਜ ਤੜਕੇ ਸਾਢੇ ਤਿੰਨ ਵਜੇ ਦੇ ਕਰੀਬ ਸੁਖਨਾ ਝੀਲ ਦੇ ਦੋ ਫਲੱਡ ਗੇਟ ਖੋਲ੍ਹ ਦਿੱਤੇ। ਦੱਸਣਯੋਗ ਹੈ ਕਿ ਇਸ ਸੀਜ਼ਨ ’ਚ ਇਹ ਗੇਟ ਛੇਵੀਂ ਵਾਰ ਖੋਲ੍ਹੇ ਗਏ ਹਨ। ਇਸ ਦੌਰਾਨ ਪ੍ਰਸ਼ਾਸਨ ਨੇ ਦੋਵੋਂ ਫਲੱਡ ਗੇਟਾਂ ਨੂੰ ਇਕ-ਇਕ ਫੁੱਟ ਤੱਕ ਖੋਲ੍ਹ ਦਿੱਤਾ ਹੈ। ਇਸ ਦੌਰਾਨ ਸੁਖਨਾ ਚੋਅ ਦੇ ਆਲੇ-ਦੁਆਲੇ ਸਥਿਤ ਕਈ ਕਲੋਨੀਆਂ ਵਿਚਲੇ ਘਰਾਂ ਵਿੱਚ ਵੀ ਪਾਣੀ ਭਰ ਗਿਆ। ਸੁਖਨਾ ਝੀਲ ਦਾ ਪਾਣੀ ਅੱਗੇ ਸੁਖਨਾ ਚੋਅ ਵਿੱਚੋਂ ਹੁੰਦਾ ਹੋਇਆ ਘੱਗਰ ਨਦੀ ਵਿੱਚ ਗਿਆ ਹੈ, ਜਿਸ ਕਰਕੇ ਘੱਗਰ ਨਦੀ ਵਿੱਚ ਪਾਣੀ ਦਾ ਪੱਧਰ ਵੱਧ ਗਿਆ। ਸੁਖਨਾ ਝੀਲ ਦੇ ਪਾਣੀ ਦਾ ਬਹਾਅ ਇਨ੍ਹਾਂ ਤੇਜ਼ ਸੀ ਕਿ ਉਹ ਗੋਲਫ ਕਲੱਬ ਤੋਂ ਕਿਸ਼ਨਗੜ੍ਹ ਜਾਣ ਵਾਲੇ ਪੁਲ ਅਤੇ ਬਾਪੂ ਧਾਮ ਕਲੋਨੀ ਤੋਂ ਮਨੀਮਾਜਰਾ ਜਾਣ ਵਾਲੇ ਪੁਲ ਦੇ ਉੱਪਰ ਤੋਂ ਲੰਘ ਗਿਆ। ਜਦੋਂ ਕਿ ਇੰਡਸਟਰੀਅਲ ਏਰੀਆ ਵਿੱਚ ਸਥਿਤ ਕਈ ਪੁਲ ਵੀ ਪਾਣੀ ਦੀ ਝਪੇਟ ਵਿੱਚ ਆ ਗਏ। ਇਸ ਦੌਰਾਨ ਕਈ ਪੁਲਾਂ ਦਾ ਨੁਕਸਾਨ ਹੋ ਗਿਆ ਹੈ। ਯੂਟੀ ਪ੍ਰਸ਼ਾਸਨ ਨੇ ਸੁਖਨਾ ਚੋਅ ’ਤੇ ਬਣੇ ਪੁਲਾਂ ਤੋਂ ਆਵਾਜਾਈ ਕੁਝ ਸਮੇਂ ਲਈ ਬੰਦ ਕਰ ਦਿੱਤੀ ਸੀ, ਜਿਸ ਨੂੰ ਦੁਪਹਿਰ ਸਮੇਂ ਸ਼ੁਰੂ ਕੀਤਾ ਗਿਆ ਹੈ। ਯੂਟੀ ਪ੍ਰਸ਼ਾਸਨ ਵੱਲੋਂ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਘਟਣ ’ਤੇ ਸਵੇਰੇ 11 ਵਜੇ ਦੇ ਕਰੀਬ ਇਕ ਫਲੱਡ ਗੇਟ ਅਤੇ ਦੁਪਹਿਰੇ 2 ਵਜੇ ਦੇ ਕਰੀਬ ਦੂਜਾ ਫਲੱਡ ਗੇਟ ਬੰਦ ਕੀਤਾ ਗਿਆ ਹੈ। ਇਸ ਦੌਰਾਨ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ 1162.80 ਫੁੱਟ ਸੀ, ਜੋ ਕਿ ਖਤਰੇ ਦੇ ਨਿਸ਼ਾਨ ਦੇ ਬਿਲਕੁਲ ਨਜ਼ਦੀਕ ਹੈ। ਝੀਲ ਵਿੱਚ ਖਤਰੇ ਦਾ ਨਿਸ਼ਾਨ 1163 ਫੁੱਟ ’ਤੇ ਹੈ।ਮ ੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਬੀਤੀ ਰਾਤ 35 ਐੱਮਐੱਮ ਮੀਂਹ ਪਿਆ ਹੈ। ਇਸ ਦੇ ਨਾਲ ਹੀ ਮੁਹਾਲੀ ਵਿੱਚ 79 ਐੱਮਐੱਮ ਅਤੇ ਪੰਚਕੂਲਾ ਵਿੱਚ 112 ਐੱਮਐੱਮ ਮੀਂਹ ਪਿਆ ਹੈ। ਮੌਸਮ ਵਿਗਿਆਨੀਆਂ ਨੇ ਚੰਡੀਗੜ੍ਹ ਟ੍ਰਾਈਸਿਟੀ ਵਿੱਚ ਅਗਲੇ ਚਾਰ ਦਿਨ 30 ਤੇ 31 ਅਗਸਤ ਅਤੇ 1 ਤੇ 2 ਸਤੰਬਰ ਨੂੰ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।

ਮੁਹਾਲੀ ਫੇਜ਼ ਗਿਆਰਾਂ ਦੇ ਵਸਨੀਕਾਂ ਲਈ ਵਰ੍ਹਿਆ ਮੁਸੀਬਤਾਂ ਦਾ ਮੀਂਹ

Advertisement

ਐੱਸਏਐੱਸ ਨਗਰ (ਮੁਹਾਲੀ)(ਕਰਮਜੀਤ ਸਿੰਘ ਚਿੱਲਾ): ਸ਼ੁੱਕਰਵਾਰ ਨੂੰ ਤੜਕੇ ਹੋਈ ਜ਼ੋਰਦਾਰ ਬਾਰਿਸ਼ ਕਾਰਨ ਮੁਹਾਲੀ ਦੇ ਫੇਜ਼ ਗਿਆਰਾਂ ਦੇ ਐੱਲਆਈਜੀ ਅਤੇ ਐਮਆਈਜੀ ਕੁਆਰਟਰਾਂ ਵਿੱਚ ਪਾਣੀ ਭਰ ਗਿਆ। ਘਰਾਂ ਦੇ ਅੰਦਰ ਇੱਕ ਤੋਂ ਦੋ ਫੁੱਟ ਪਾਣੀ ਵੜਨ ਨਾਲ ਲੋਕਾਂ ਦਾ ਘਰੇਲੂ ਸਾਮਾਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਘਰਾਂ ਦੇ ਬਾਹਰ ਸੜਕਾਂ ਉੱਤੇ ਤਿੰਨ-ਤਿੰਨ ਫੁੱਟ ਪਾਣੀ ਭਰ ਗਿਆ, ਜਿਸ ਕਾਰਨ ਲੋਕਾਂ ਦੀਆਂ ਕਾਰਾਂ ਅਤੇ ਹੋਰ ਵਾਹਨਾਂ ਵਿੱਚ ਪਾਣੀ ਭਰਨ ਨਾਲ ਉਨ੍ਹਾਂ ਦਾ ਕਾਫ਼ੀ ਨੁਕਸਾਨ ਹੋ ਗਿਆ। ਸਾਬਕਾ ਕੌਂਸਲਰ ਸੁਖਮਿੰਦਰ ਸਿੰਘ ਬਰਨਾਲਾ ਨੇ ਦੱਸਿਆ ਕਿ ਤੜਕੇ ਢਾਈ ਵਜੇ ਦੇ ਕਰੀਬ ਪਏ ਮੀਂਹ ਕਾਰਨ ਅਤੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਦਿੱਕਤਾਂ ਆਈਆਂ। ਉਨ੍ਹਾਂ ਦੱਸਿਆ ਕਿ ਐੱਲਆਈਜੀ 1301 ਤੋਂ 1324, ਐੱਮਆਈਜੀ 1325 ਤੋਂ 1409 ਅਤੇ ਐੱਲਆਈਜੀ 1410 ਤੋਂ ਲੈ ਕੇ ਅਖੀਰ ਤਕ ਪੂਰਾ ਖੇਤਰ ਪਾਣੀ ਦੀ ਮਾਰ ਹੇਠ ਆਇਆ। ਪਾਣੀ ਕੱਢਣ ਲਈ ਪ੍ਰਸ਼ਾਸਨ ਵੱਲੋਂ ਟਰੈਕਟਰ ਅਤੇ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਭੇਜੀਆਂ ਗਈਆਂ। ਕੁਆਰਟਰਾਂ ਵਿੱਚ ਪਾਣੀ ਭਰਨ ਤੋਂ ਰੋਹ ਵਿੱਚ ਆਏ ਵਸਨੀਕਾਂ ਨੇ ਫੇਜ਼ ਗਿਆਰਾਂ ਤੋਂ ਏਅਰਪੋਰਟ ਰੋਡ ਵੱਲ ਨੂੰ ਜਾਂਦੀ ਸੜਕ ਦੇ ਇੱਕ ਪਾਸੇ ਉੱਤੇ ਆਵਾਜਾਈ ਰੋਕ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ, ਨਗਰ ਨਿਗਮ ਅਤੇ ਗਮਾਡਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮੌਕੇ ’ਤੇ ਪਹੁੰਚੇ ਨਗਰ ਨਿਡਮ ਦੇ ਕਮਿਸ਼ਨਰ ਪਰਮਿੰਦਰਪਾਲ ਸਿੰਘ ਅਤੇ ਹੋਰਨਾਂ ਅਧਿਕਾਰੀਆਂ ਵੱਲੋਂ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ ਗਈ। ਜਿਨ੍ਹਾਂ ਦੇ ਭਰੋਸੇ ਮਗਰੋਂ ਲੋਕਾਂ ਨੇ ਜਾਮ ਖੋਲ੍ਹ ਦਿੱਤਾ। ਕੈਪਟਨ ਕਰਨੈਲ ਸਿੰਘ, ਇੰਸਪੈਕਟਰ ਰਘਬੀਰ ਸਿੰਘ ਸਿੱਧੂ, ਸਟੇਟ ਅਵਾਰਡੀ ਰਮਨੀਕ ਸਿੰਘ, ਬਲਜਿੰਦਰ ਸਿੰਘ ਆਦਿ ਨੇ ਕਿਹਾ ਕਿ ਹਰ ਮੀਂਹ ਵਿਚ ਹੀ ਇੱਥੇ ਘਰਾਂ ਵਿਚ ਪਾਣੀ ਭਰਦਾ ਹੈ, ਜਿਸ ਦਾ ਸਥਾਈ ਹੱਲ ਯਕੀਨੀ ਬਣਾਇਆ ਜਾਵੇ।

ਜ਼ੀਰਕਪੁਰ ਖੇਤਰ ਪਾਣੀ ਵਿੱਚ ਡੁੱਬਿਆ

ਜ਼ੀਰਕਪੁਰ (ਹਰਜੀਤ ਸਿੰਘ): ਸ਼ਹਿਰ ਵਿੱਚ ਲੰਘੇ ਕੁਝ ਦਿਨਾਂ ਤੋਂ ਪੈ ਰਹੇ ਭਰਵੇਂ ਮੀਂਹ ਕਾਰਨ ਥਾਂ ਥਾਂ ਪਾਣੀ ਭਰ ਗਿਆ। ਇਸ ਕਾਰਨ ਸਭ ਤੋਂ ਵਧ ਪ੍ਰੇਸ਼ਾਨੀ ਬਲਟਾਣਾ ਖੇਤਰ ਵਿੱਚ ਬਣੀ। ਇਥੇ ਸੁਖਨਾ ਚੋਅ ਦੇ ਨੇੜੇ ਰਿਹਾਇਸ਼ੀ ਖੇਤਰ ਵਿੱਚ ਪਾਣੀ ਵੜ ਗਿਆ। ਇਥੋਂ ਦੀ ਪੁਲੀਸ ਚੌਕੀ ਵਿੱਚ ਪਾਣੀ ਭਰ ਗਿਆ। ਇਸ ਤੋਂ ਇਲਾਵਾ ਢਕੋਲੀ, ਪੀਰਮੁਛੱਲਾ ਖੇਤਰ ਦੀ ਕਈ ਕਲੋਨੀਆਂ ਵਿੱਚ ਪਾਣੀ ਭਰ ਗਿਆ ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸੁਖਨਾ ਚੋਅ ਦੇ ਨੇੜੇ ਸਥਿਤ ਰਵਿੰਦਰਾ ਐਨਕਲੇਵ ਕਲੋਨੀ ਵਿੱਚ ਉਸ ਵੇਲੇ ਹਲਾਤ ਤਣਾਅਪੂਰਨ ਹੋ ਗਏ ਜਦ ਚੋਅ ਦਾ ਕਲੋਨੀ ਵਾਲੇ ਪਾਸੇ ਬਣਿਆ ਮਿੱਟੀ ਦਾ ਬੰਨ ਖੁਰਨ ਲੱਗ ਗਿਆ। ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਮਿੱਟੀ ਦਾ ਬੰਨ ਲਗਾਤਾਰ ਟੁੱਟਦਾ ਜਾ ਰਿਹਾ ਸੀ, ਜਿਸ ਕਾਰਨ ਚੋਅ ਦੇ ਨੇੜੇ ਬਣੇ ਲੋਕਾਂ ਨੇ ਆਪਣੇ ਘਰ ਖਾਲੀ ਕਰ ਦਿੱਤੇ। ਲੋਕਾਂ ਨੇ ਇਸ ਦੀ ਜਾਣਕਾਰੀ ਪ੍ਰਸ਼ਾਸਨ ਨੂੰ ਦਿੱਤੀ, ਜਿਨ੍ਹਾਂ ਵੱਲੋਂ ਮੌਕੇ ਦਾ ਦੌਰਾ ਕਰ ਬਚਾਅ ਕਾਰਜ ਸ਼ੁਰੂ ਕਰਦਿਆਂ ਬੰਨ੍ਹ ਨੂੰ ਪੱਕਾ ਕਰਨ ਦਾ ਪ੍ਰਬੰਧ ਕੀਤਾ। ਲੰਘੀ ਰਾਤ ਭਰਵੇਂ ਮੀਂਹ ਨਾਲ ਇਲਾਕੇ ਵਿੱਚ ਲੋਕਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਸੀ। ਉਥੇ ਹੀ ਅੱਜ ਸਵੇਰ ਮੀਂਹ ਰੁਕਣ ਮਗਰੋਂ ਲੋਕਾਂ ਨੇ ਸੁੱਖ ਦਾ ਸਾਹ ਲਿਆ ਅਤੇ ਸੁਖਨਾ ਚੋਅ ਅਤੇ ਹੋਰਨਾਂ ਬਰਸਾਤੀ ਨਾਲਿਆਂ ਵਿੱਚ ਪਾਣੀ ਦਾ ਪੱਧਰ ਘੱਟਣ ਮਗਰੋਂ ਲੋਕਾਂ ਨੂੰ ਰਾਹਤ ਮਿਲੀ।

 

 

Advertisement
Show comments