ਮੀਂਹ ਨੇ ਡੇਰਾਬੱਸੀ ਦੀ ਸੜਕਾਂ ਦੀ ਹਾਲਤ ਹੋਰ ਵਿਗਾੜੀ
ਇਲਾਕੇ ਦੀ ਸੜਕਾਂ ਦੀ ਹਾਲਤ ਦਿਨ-ਦਿਹਾੜੇ ਖਸਤਾ ਹੁੰਦੀ ਜਾ ਰਹੀ ਹੈ। ਮੌਨਸੂਨ ਦੌਰਾਨ ਪੈ ਰਹੇ ਭਰਵੇਂ ਮੀਂਹ ਨੇ ਇਨ੍ਹਾਂ ਦੀ ਹਾਲਤ ਹੋਰ ਨਿੱਘਰ ਰਹੀ ਹੈ। ਇਸ ਦੌਰਾਨ ਸਭ ਤੋਂ ਵਧ ਮਾੜੀ ਹਾਲਤ ਇਥੋਂ ਦੀ ਰਾਮਗੜ੍ਹ-ਮੁਬਾਰਕਪੁਰ, ਗੁਲਾਬਗੜ੍ਹ ਤੋਂ ਪਿੰਡ ਬੇਹੜਾ, ਡੇਰਾਬੱਸੀ ਸਰਕਾਰੀ ਕਾਲਜ ਤੋਂ ਪਿੰਡ ਜਿਓਲੀ ਅਤੇ ਪਿੰਡ ਈਸਾਪੁਰ ਤੋਂ ਪਿੰਡ ਭਾਂਖਰਪੁਰ ਲਿੰਕ ਸੜਕ ਦੀ ਹਾਲਤ ਕਾਫੀ ਖ਼ਰਾਬ ਹੈ। ਇਹ ਇਲਾਕੇ ਦੀ ਅਹਿਮ ਸੜਕਾਂ ਹਨ ਜਿਥੇ ਹਰ ਵੇਲੇ ਭਾਰੀ ਆਵਾਜਾਈ ਰਹਿੰਦੀ ਹੈ। ਸੜਕਾਂ ਦੀ ਹਾਲਤ ਖਸਤਾ ਹੋਣ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਾਣਕਾਰੀ ਅਨੁਸਾਰ ਇਲਾਕੇ ਦੀ ਲਿੰਕ ਸੜਕਾਂ ਲੰਮੇ ਸਮੇਂ ਤੋਂ ਮੁਰੰਮਤ ਨੂੰ ਤਰਸ ਰਹੀਆਂ ਹਨ। ਮੁਰੰਮਤ ਨਾ ਹੋਣ ਕਾਰਨ ਸੜਕਾਂ ’ਤੇ ਵੱਡੇ ਵੱਡੇ ਟੋਏ ਪੈ ਗਏ ਹਨ। ਮੀਂਹ ਦੌਰਾਨ ਖੱਡਿਆਂ ਵਿੱਚ ਪਾਣੀ ਭਰਨ ਕਾਰਨ ਵਾਹਨ ਚਾਲਕਾਂ ਨੂੰ ਦਿਖਾਈ ਨਹੀਂ ਦਿੰਦੇ ਅਤੇ ਹਾਦਸੇ ਵਾਪਰਦੇ ਹਨ।
ਸਭ ਤੋਂ ਖਸਤਾ ਹਾਲਤ ਮੁਬਾਰਕਪੁਰ-ਰਾਮਗੜ੍ਹ ਸੜਕ ਦੀ ਪਿੰਡ ਪੰਡਵਾਲਾ ਚੌਕ ਕੋਲ ਬਣੀ ਹੋਈ ਹੈ। ਪੰਜਾਬ ਨੂੰ ਪੰਚਕੂਲਾ ਹਾਰਿਆਣਾ ਨਾਲ ਜੋੜਨ ਵਾਲੀ ਸੜਕ ਦੀ ਹਾਲਤ ਕਾਰਨ ਇਸ ਸੜਕ ’ਤੇ ਸਥਿਤ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਪਿੰਡ ਵਾਸੀਆਂ ਵੱਲੋਂ ਲਗਾਤਾਰ ਪ੍ਰਸ਼ਾਸ਼ਨਿਕ ਅਧਿਕਾਰੀਆਂ ਖ਼ਿਲਾਫ਼ ਰੋਸ ਪ੍ਰਗਟਾਇਆ ਜਾ ਰਿਹਾ ਹੈ। ਮਾਮਲਾ ਤੂਲ ਫੜਦਿਆਂ ਪ੍ਰਸ਼ਾਸ਼ਨ ਵੱਲੋਂ ਦੋ ਵਾਰ ਸੜਕ ’ਤੇ ਪਏ ਟੋਏ ਪੂਰੇ ਗਏ ਹਨ ਪਰ ਇਥੋਂ ਭਾਰੀ ਵਾਹਨਾਂ ਦੀ ਆਵਾਜਾਈ ਕਾਰਨ ਇਥੇ ਰੋਜ਼ਾਨਾ ਕੋਈ ਨਾ ਕੋਈ ਵਾਹਨ ਫਸ ਜਾਂਦਾ ਹੈ। ਇਸੇ ਤਰ੍ਹਾਂ ਬੇਹੜਾ ਸੜਕ ’ਤੇ ਕਈ ਛੋਟੇ-ਵੱਡੇ ਉਦਯੋਗ ਸਥਿਤ ਹਨ। ਸੜਕ ਦੀ ਹਾਲਤ ਖ਼ਰਾਬ ਹੋਣ ਕਾਰਨ ਵਾਹਨਾਂ ਨੂੰ ਮਾਲ ਲਿਜਾਣ ਵਿੱਚ ਕਾਫ਼ੀ ਪ੍ਰੇਸ਼ਾਨੀ ਆ ਰਹੀ ਹੈ। ਪਿੰਡ ਜਿਓਲੀ ਨੂੰ ਜਾਣ ਵਾਲੀ ਸੜਕ ਦੀ ਹਾਲਤ ਵੀ ਖਸਤਾ ਹੈ ਜਿਥੇ ਰੋਜ਼ਾਨਾ ਵਾਹਨ ਚਾਲਕ ਖੱਜਲ੍ਹ ਹੋ ਰਹੇ ਹਨ। ਇਨ੍ਹਾਂ ਸੜਕਾਂ ਦੀ ਮੁਰੰਮਤ ਕਰਨ ਲਈ ਲੰਮੇ ਸਮੇਂ ਤੋਂ ਲੋਕ ਮੰਗ ਰਹੇ ਹਨ ਪਰ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ ਹੈ।
ਐਸਡੀਐੱਮ ਅਮਿਤ ਗੁਪਤਾ ਨੇ ਕਿਹਾ ਕਿ ਮੁਬਾਰਕਪੁਰ-ਰਾਮਗੜ੍ਹ ਸੜਕ ਦੀ ਉਸਾਰੀ ਲਈ ਸਾਰਾ ਵਿਭਾਗੀ ਕੰਮ ਮੁਕੰਮਲ ਹੋ ਗਿਆ ਹੈ ਤੇ ਮੌਨਸੂਨ ਤੋਂ ਬਾਅਦ ਇਸਦਾ ਕੰਮ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਾਕੀ ਸੜਕਾਂ ਦੀ ਮੀਂਹ ਰੁਕਣ ਮਗਰੋਂ ਮੁਰੰਮਤ ਕਰਵਾ ਦਿੱਤੀ ਜਾਵੇਗੀ।