ਮੀਂਹ ਨੇ ਸਿਟੀ ਬਿਊਟੀਫੁੱਲ ਦੀਆਂ ਸੜਕਾਂ ਦੀ ਹਾਲਤ ਵਿਗਾੜੀ
ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਲੰਘੇ ਦਿਨ ਪਏ ਭਾਰੀ ਮੀਂਹ ਨੇ ਇਕੋ ਦਿਨ ਵਿੱਚ ਸਿਟੀ ਬਿਊਟੀਫੁੱਲ ਦੀ ਹਾਲਤ ਵਿਗਾੜ ਕੇ ਰੱਖ ਦਿੱਤੀ ਹੈ। ਸ਼ਹਿਰ ਵਿੱਚ ਪਏ ਭਾਰੀ ਮੀਂਹ ਕਰਕੇ ਸੜਕਾਂ ’ਤੇ ਵੱਡੇ-ਵੱਡੇ ਟੋਏ ਪੈ ਗਏ ਹਨ, ਜਿਸ ਕਰਕੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਸੁਖਨਾ ਝੀਲ ਵਿੱਚੋਂ ਦੋ ਫੱਲਡ ਗੇਟਾਂ ਰਾਹੀਂ ਛੱਡੇ ਪਾਣੀ ਨੇ ਸੁਖਨਾ ਚੋਅ ’ਤੇ ਬਣੇ ਪੁਲਾਂ ਦਾ ਨੁਕਸਾਨ ਕਰ ਦਿੱਤਾ ਹੈ। ਇਸ ਦੌਰਾਨ ਇੰਡਸਟਰੀਅਲ ਏਰੀਆ ਵਿੱਚ ਸੀਟੀਯੂ ਵਰਕਸ਼ਾਪ ਨਜ਼ਦੀਕ ਚੰਡੀਗੜ੍ਹ ਨੂੰ ਪੰਚਕੂਲਾ ਨਾਲ ਜੋੜਨ ਵਾਲੇ ਪੁਲ ਦਾ ਕਾਫੀ ਨੁਕਸਾਨ ਹੋਇਆ ਹੈ। ਇਸ ਕਾਰਨ ਯੂਟੀ ਪ੍ਰਸ਼ਾਸਨ ਨੇ ਅੱਜ ਇੱਥੇ ਆਵਾਜਾਈ ਬੰਦ ਕਰ ਦਿੱਤੀ ਸੀ, ਜਿਸ ਕਰਕੇ ਲੋਕਾਂ ਨੂੰ ਲੰਬੇ ਰਾਹ ਤੋਂ ਘੁੰਮ ਕੇ ਪੰਚਕੂਲਾ ਜਾਣਾ ਪਿਆ। ਜਾਣਕਾਰੀ ਅਨੁਸਾਰ ਲੰਘੇ ਦਿਨ ਸੁਖਨਾ ਝੀਲ ਦੇ ਦੋ ਫਲੱਡ ਗੇਟ ਖੋਲ੍ਹੇ ਜਾਣ ਕਰਕੇ ਕਿਸ਼ਨਗੜ੍ਹ ਵਾਲੇ ਪੁਲ, ਬਾਪੂ ਧਾਮ ਕਲੋਨੀ ਦੇ ਪਿਛਲੇ ਪਾਸੇ ਸਥਿਤ ਪੁਲ ਅਤੇ ਇੰਡਸਟਰੀਅਲ ਏਰੀਆ ਵਿੱਚ ਸਥਿਤ ਪੁਲਾਂ ਦੇ ਉਪਰ ਤੋਂ ਪਾਣੀ ਤੇਜ਼ ਵਹਾਅ ਨਾਲ ਲੰਘ ਗਿਆ ਸੀ। ਇਨ੍ਹਾਂ ਪੁਲਾਂ ਵਿੱਚ ਦਰੱਖਤ ਤੇ ਹੋਰ ਵਸਤੂਆਂ ਫਸ ਗਈਆਂ, ਜਿਸ ਕਰਕੇ ਪੁਲ ਵਿੱਚੋਂ ਪਾਣੀ ਦੀ ਨਿਕਾਸੀ ਬੰਦ ਹੋ ਗਈ। ਇਸ ਦੇ ਨਾਲ ਹੀ ਪੁਲਾਂ ਦਾ ਕੁਝ ਹਿੱਸਾ ਵੀ ਨੁਕਸਾਨਿਆ ਗਿਆ। ਯੂਟੀ ਪ੍ਰਸ਼ਾਸਨ ਨੇ ਲੋਕਾਂ ਦੀ ਆਵਾਜਾਈ ਨੂੰ ਕੁਝ ਸਮੇਂ ਲਈ ਰੋਕ ਕੇ ਜੇਸੀਬੀ ਮਸ਼ੀਨਾਂ ਰਾਹੀਂ ਸੁਖਨਾ ਚੋਅ ਦੀ ਸਫਾਈ ਕੀਤੀ। ਇਸ ਤੋਂ ਇਲਾਵਾ ਸੁਖਨਾ ਚੋਅ ’ਤੇ ਬਣੇ ਪੁਲਾਂ ਦੀ ਮੁਰੰਮਤ ਵੀ ਕੀਤੀ ਗਈ। ਅੱਜ ਸਵੇਰੇ ਮਨੀਮਾਜਰਾ ਵਿਖੇ ਇਕ ਦਰੱਖਤ ਵੀ ਡਿੱਗ ਗਿਆ ਹੈ, ਜਿਸ ਦੇ ਹੇਠਾਂ ਇਕ ਤਿੰਨ ਪਹੀਆਂ ਵਾਹਨ ਆ ਗਿਆ ਹੈ। ਇਸ ਦੌਰਾਨ ਕਿਸੇ ਕਿਸਮ ਦੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਹਿ ਗਿਆ ਹੈ। ਦੂਜੇ ਪਾਸੇ ਸ਼ਹਿਰ ਵਿੱਚ ਲੰਘੇ ਦਿਨ ਪਏ ਭਾਰੀ ਮੀਂਹ ਕਰਕੇ ਅਤੇ ਪਿਛਲੇ ਕਈ ਦਿਨਾਂ ਤੋਂ ਪੈ ਰਹੇ ਮੀਂਹ ਕਰਕੇ ਸ਼ਹਿਰ ਦੀਆਂ ਸੜਕਾਂ ਦੀ ਹਾਲਤ ਵੀ ਖਸਤਾ ਹੋ ਗਈ ਹੈ। ਇਸ ਦੌਰਾਨ ਸੜਕਾਂ ’ਤੇ ਟੋਏ ਵੀ ਪੈ ਗਏ ਹਨ, ਜਿਸ ਕਰਕੇ ਲੋਕਾਂ ਨੂੰ ਵਾਹਨ ਚਲਾਉਣ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੰਡਸਟਰੀਅਲ ਏਰੀਆ ਵਿਖੇ ਕਈ ਥਾਵਾਂ ਤੋਂ ਸੜਕ ਦੀ ਹਾਲਤ ਖਸਤਾ ਹੋ ਗਈ ਹੈ। ਇਸ ਤੋਂ ਇਲਾਵਾ ਸੈਕਟਰ-7, 8 ਤੇ 9 ਵਿੱਚ ਵੀ ਕਈ ਥਾਵਾਂ ’ਤੇ ਸੜਕ ਟੁੱਟ ਗਈ ਹੈ। ਜਦੋਂ ਕਿ ਸੈਕਟਰ-19 ਤੇ 27 ਵਾਲੀ ਸੜਕ ਦਾ ਸਾਰਾ ਟੁਕੜਾ ਟੁੱਟਿਆ ਪਿਆ ਹੈ। ਸੈਕਟਰ-30 ਤੇ 27 ਵਾਲੀ ਸੜਕ ਦੀ ਹਾਲਤ ਵੀ ਵਧੇਰੇ ਮਾੜੀ ਹੋਈ ਪਈ ਹੈ।
ਸੁਖਨਾ ਝੀਲ ਦਾ ਦੂਜਾ ਫਲੱਡ ਗੇਟ 12 ਘੰਟਿਆਂ ਬਾਅਦ ਬੰਦ
ਚੰਡੀਗੜ੍ਹ ਵਿੱਚ ਲੰਘੇ ਦਿਨ ਪਏ ਭਾਰੀ ਮੀਂਹ ਕਰਕੇ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ 1163 ਫੁੱਟ ਤੋਂ ਟੱਪ ਕੇ 1163.11 ਫੁੱਟ ’ਤੇ ਪਹੁੰਚ ਗਿਆ ਸੀ। ਪਾਣੀ ਤੇਜ਼ੀ ਨਾਲ ਵਧਦਾ ਦੇਖਦੇ ਹੋਏ ਯੂਟੀ ਪ੍ਰਸ਼ਾਸਨ ਨੇ ਸੁਖਨਾ ਝੀਲ ਦੇ ਫਲੱਡ ਗੇਟ ਕੱਲ੍ਹ ਦੁਪਹਿਰ 3.30 ਵਜੇ ਦੇ ਕਰੀਬ ਖੋਲ੍ਹ ਦਿੱਤੇ ਸਨ। ਇਨ੍ਹਾਂ ਵਿੱਚੋਂ ਇਕ ਫਲੱਡ ਗੇਟ ਲੰਘੀ ਰਾਤ 8 ਵਜੇ ਦੇ ਕਰੀਬ ਬੰਦ ਕਰ ਦਿੱਤਾ ਸੀ, ਜਦੋਂ ਕਿ ਦੂਜੇ ਫਲੱਡ ਗੇਟ ਨੂੰ ਬੁੱਧਵਾਰ ਤੜਕੇ 3.30 ਵਜੇ ਦੇ ਕਰੀਬ ਬੰਦ ਕੀਤਾ ਗਿਆ।
ਮੀਂਹ ਤੋਂ ਬਾਅਦ ਸੜਕਾਂ ’ਤੇ ਪਾਣੀ ਭਰਿਆ
ਚੰਡੀਗੜ੍ਹ ਵਿੱਚ ਅੱਜ ਦੁਪਹਿਰ ਸਮੇਂ ਕਈ ਥਾਈਂ ਮੀਂਹ ਪਿਆ। ਪਹਿਲਾਂ ਸ਼ਹਿਰ ਦੇ ਸੈਕਟਰ-26, ਬਾਪੂ ਧਾਮ ਕਲੋਨੀ, ਮਨੀਮਾਜਰਾ ਦੇ ਆਲੇ-ਦੁਆਲੇ ਇਲਾਕੇ ਵਿੱਚ ਮੀਂਹ ਪਿਆ। ਇਸ ਤੋਂ ਬਾਅਦ ਟ੍ਰਿਬਿਊਨ ਚੌਕ, ਸੈਕਟਰ-31, 32, 33, 29, 30, 20, 19, 27 ਦੇ ਆਲੇ-ਦੁਆਲੇ ਭਾਰੀ ਮੀਂਹ ਪਿਆ। ਦਿਨ ਸਮੇਂ ਭਾਰੀ ਮੀਂਹ ਪੈਣ ਕਰਕੇ ਸ਼ਹਿਰ ਦੀਆਂ ਸੜਕਾਂ ’ਤੇ ਕਾਫੀ ਪਾਣੀ ਭਰ ਗਿਆ ਜਿਸ ਕਰਕੇ ਲੋਕਾਂ ਨੂੰ ਵਾਹਨ ਚਲਾਉਣ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਮੌਸਮ ਵਿਗਿਆਨੀਆਂ ਅਨੁਸਾਰ ਚੰਡੀਗੜ੍ਹ ਵਿੱਚ 22 ਅਗਸਤ ਤੋਂ ਅਗਲੇ ਚਾਰ ਦਿਨ ਰੁਕ-ਰੁਕ ਕੇ ਮੀਂਹ ਪਵੇਗਾ, ਜਦੋਂ ਕਿ 21 ਜੁਲਾਈ ਨੂੰ ਬੱਦਲਵਾਈ ਰਹੇਗੀ।
ਮੋਰਨੀ ਵਿੱਚ ਮੀਂਹ ਤੋਂ ਬਾਅਦ ਢਿੱਗਾਂ ਡਿੱਗੀਆਂ
ਪੰਚਕੂਲਾ (ਪੀ.ਪੀ. ਵਰਮਾ): ਮੋਰਨੀ ਇਲਾਕੇ ਵਿੱਚ ਮੀਂਹ ਨੇ ਜਨਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਲਗਾਤਾਰ ਭਾਰੀ ਮੀਂਹ ਕਾਰਨ ਇਲਾਕੇ ਵਿਚ ਪਾਣੀ ਭਰ ਗਿਆ ਹੈ। ਇਸ ਦੇ ਨਾਲ ਹੀ ਪਹਾੜੀ ਇਲਾਕਿਆਂ ਤੋਂ ਮਲਬਾ ਅਤੇ ਜ਼ਮੀਨ ਖਿਸਕਣ ਕਾਰਨ ਕਈ ਮੁੱਖ ਸੜਕਾਂ ਘੰਟਿਆਂ ਤੱਕ ਬੰਦ ਰਹੀਆਂ। ਇਸ ਦੇ ਨਾਲ ਹੀ ਟਾਂਗਰੀ ਵਿਚ ਵੀ ਪਾਣੀ ਪੂਰਾ ਭਰ ਗਿਆ ਹੈ। ਮੋਰਨੀ ਦਾ ਮੁੱਖ ਬਾਜ਼ਾਰ ਵੀ ਨਦੀ ਦਾ ਰੂਪ ਧਾਰਨ ਕਰ ਗਿਆ ਹੈ। ਇਸ ਦੇ ਨਾਲ ਮੀਂਹ ਦਾ ਪਾਣੀ ਭਰਨ ਕਾਰਨ ਬਾਜ਼ਾਰ ਦੀਆਂ ਕਈ ਦੁਕਾਨਾਂ ਨੂੰ ਨੁਕਸਾਨ ਪਹੁੰਚਿਆ। ਦੁਕਾਨ ਮਾਲਕ ਫਕੀਰ ਚੰਦ ਨੇ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਨੇ ਨਾਲੇ ਦੀ ਸਫਾਈ ਨਹੀਂ ਕਰਵਾਈ, ਜਿਸ ਕਾਰਨ ਉਨ੍ਹਾਂ ਦੀਆਂ ਦੁਕਾਨਾਂ ਇੱਕ ਵਾਰ ਫਿਰ ਪਾਣੀ ਨਾਲ ਭਰ ਗਈਆਂ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਬਾਰਿਸ਼ ਦਾ ਇਹ ਦੌਰ ਜਾਰੀ ਰਿਹਾ ਤਾਂ ਨੁਕਸਾਨ ਹੋਰ ਵੀ ਵੱਧ ਸਕਦਾ ਹੈ।