ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮੀਂਹ ਨੇ ਯੂਟੀ ਪ੍ਰਸ਼ਾਸਨ ਦੀਆਂ ਤਿਆਰੀਆਂ ’ਤੇ ਫੇਰਿਆ ਪਾਣੀ

ਸ਼ਹਿਰ ਵਿੱਚ ਕਈ ਥਾਵਾਂ ਤੋਂ ਸਾਈਕਲ ਟਰੈਕ ਧਸੇ ਅਤੇ ਵੱਡੇ ਟੋਇਆਂ ਕਾਰਨ ਹਾਦਸਿਆਂ ਦਾ ਖ਼ਦਸ਼ਾ
Advertisement

ਆਤਿਸ਼ ਗੁਪਤਾ

ਚੰਡੀਗੜ੍ਹ, 1 ਜੁਲਾਈ

Advertisement

ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਮੌਨਸੂਨ ਦੀ ਆਮਦ ਤੋਂ ਪਹਿਲਾਂ ਸਾਰੀਆਂ ਤਿਆਰੀਆਂ ਮੁਕੰਮਲ ਕਰਨ ਦੇ ਦਾਅਵੇ ਕੀਤੇ ਗਏ ਸਨ, ਪਰ ਮੌਨਸੂਨ ਦੇ ਪਹਿਲੇ ਹਫ਼ਤੇ ਹੀ ਪਏ ਮੀਂਹ ਨੇ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਮੀਂਹ ਕਰ ਕੇ ਸ਼ਹਿਰ ਦੀਆਂ ਸੜਕਾਂ ’ਤੇ ਪਾਣੀ ਖੜ੍ਹਾ ਹੋਣ ਕਾਰਨ ਕਈ ਥਾਵਾਂ ਤੋਂ ਸੜਕਾਂ ਧੱਸ ਗਈਆਂ ਹਨ। ਇਸ ਕਰ ਕੇ ਰਾਹਗੀਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਸ਼ਹਿਰ ਵਿੱਚ ਮਲੋਆ ਤੋਂ ਡੱਡੂਮਾਜਰਾ ਜਾਣ ਵਾਲੀ ਸੜਕ ਧੱਸ ਗਈ ਹੈ, ਜਿਸ ਕਰ ਕੇ ਪੁਲੀਸ ਨੇ ਸੜਕ ਨੂੰ ਬੈਰੀਕੇਡ ਲਗਾ ਕੇ ਬੰਦ ਕਰ ਦਿੱਤਾ ਹੈ। ਸੜਕ ਧਸਣ ਕਰ ਕੇ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ।

ਚੰਡੀਗੜ੍ਹ ਵਿੱਚ ਤਿੰਨ-ਚਾਰ ਦਿਨਾਂ ਤੋਂ ਸ਼ੁਰੂ ਹੋਇਆ ਮੀਂਹ ਲੰਘੀ ਰਾਤ ਵੀ ਰੁਕ-ਰੁਕ ਕੇ ਪੈਂਦਾ ਰਿਹਾ ਹੈ। ਇਹ ਮੀਂਹ ਅੱਜ ਦੁਪਹਿਰ ਤੱਕ ਲਗਾਤਾਰ ਜਾਰੀ ਰਿਹਾ ਹੈ। ਮੀਂਹ ਕਰ ਕੇ ਸ਼ਹਿਰ ਦੀਆਂ ਸੜਕਾਂ ’ਤੇ ਪਾਣੀ ਖੜ੍ਹਾ ਹੋ ਗਿਆ ਹੈ। ਇਸ ਦੇ ਨਾਲ ਹੀ ਸ਼ਹਿਰ ਦੇ ਸੈਕਟਰ-45 ਤੇ 46 ਵਾਲੀ ਸੜਕ ’ਤੇ ਸਾਈਕਲ ਟਰੈਕ ਦਾ ਇਕ ਪਾਸਾ ਧੱਸ ਗਿਆ ਅਤੇ ਸੈਕਟਰ-32 ਤੇ 20 ਵਿੱਚ ਵੀ ਸੜਕ ਧੱਸ ਗਈ ਹੈ। ਸੈਕਟਰ-47-48 ਵਾਲੇ ਮੁੱਖ ਚੌਕ ਵਿੱਚ ਗੋਲ ਚੱਕਰ ਦੇ ਕੰਢੇ ’ਤੇ ਸੜਕ ਧੱਸ ਗਈ ਹੈ। ਸੜਕ ਧਸਣ ਕਰ ਕੇ ਵੱਡੇ-ਵੱਡੇ ਟੋਏ ਪੈ ਗਏ ਹਨ। ਚੰਡੀਗੜ੍ਹ ਪੁਲੀਸ ਨੇ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਧਸੀਆਂ ਸੜਕਾਂ ਦੇ ਆਲੇ-ਦੁਆਲੇ ਬੈਰੀਕੇਡ ਲਗਾ ਦਿੱਤੇ ਹਨ।

ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ਵਿੱਚ ਅੱਜ ਸਵੇਰੇ 8.30 ਤੋਂ ਲੈ ਕੇ ਸ਼ਾਮ ਤੱਕ 17.5 ਐੱਮਐੱਮ ਮੀਂਹ ਪਿਆ ਹੈ ਜਦੋਂਕਿ ਪਿਛਲੇ 24 ਘੰਟਿਆਂ ਦੌਰਾਨ ਸ਼ਹਿਰ ਵਿੱਚ 31 ਐੱਮਐੱਮ ਮੀਂਹ ਪਿਆ ਹੈ। ਮੀਂਹ ਪੈਣ ਨਾਲ ਹੀ ਸ਼ਹਿਰ ਦਾ ਤਾਪਮਾਨ ਵੀ ਆਮ ਨਾਲੋਂ 5.6 ਡਿਗਰੀ ਸੈਲਸੀਅਸ ਤੱਕ ਹੇਠਾਂ ਡਿੱਗ ਗਿਆ ਹੈ। ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 29.9 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 24.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਉੱਧਰ ਸ਼ਹਿਰ ਦਾ ਮੌਸਮ ਸੁਹਾਵਣਾ ਹੋਣ ਦੇ ਨਾਲ ਹੀ ਸੁਖਨਾ ਝੀਲ, ਰੌਕ ਗਾਰਡਨ, ਰੋਜ਼ ਗਾਰਡਨ ਸਣੇ ਹੋਰਨਾਂ ਘੁੰਮਣ ਵਾਲੀਆਂ ਥਾਵਾਂ ’ਤੇ ਸਾਰਾ ਦਿਨ ਸੈਲਾਨੀਆਂ ਦੀ ਭੀੜ ਲੱਗੀ ਰਹੀ ਹੈ।

ਪੁਲ ਦੁਆਲਿਓਂ ਮਿੱਟੀ ਖੁਰਨ ਕਾਰਨ ਲੋਕ ਪ੍ਰੇਸ਼ਾਨ

ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ): ਨਵਾਂ ਗਰਾਉਂ ਨੇੜੇ ਸਿੰਘਾ ਦੇਵੀ ਕਲੋਨੀ ਵੱਲ ਜਾਣ ਵਾਲੀ ਪਟਿਆਲਾ ਕੀ ਰਾਉ ਨਦੀ ’ਤੇ ਬਣੇ ਅਧੂਰੇ ਪੁਲ ਦੁਆਲੇ ਸੜਕ ਨਾ ਬਣਨ ਕਾਰਨ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਬੰਧੀ ਜਥੇਦਾਰ ਬਲਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਪਿਛਲੇ ਕਰੀਬ ਪੰਜ ਸਾਲ ਪਹਿਲਾਂ ਪਟਿਆਲਾ ਕੀ ਰਾਉ ਨਦੀ ਉੱਤੇ ਪੁਲ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਨਦੀ ਉੱਤੇ ਪੁਲ ਤਾਂ ਬਣ ਗਿਆ ਹੈ ਪਰ ਇਸ ਦੇ ਦੋਵੇਂ ਪਾਸੇ ਸੜਕ ਨਹੀਂ ਬਣਾਈ ਗਈ। ਇੱਥੇ ਪੱਕੀ ਸੜਕ ਦਾ ਕੰਮ ਕਰੀਬ ਇੱਕ ਡੇਢ ਸਾਲ ਤੋਂ ਠੱਪ ਪਿਆ ਹੈ। ਬਲਜੀਤ ਸਿੰਘ ਨੇ ਦੱਸਿਆ ਕਿ ਸਰਕਾਰ ਜਾਂ ਨਗਰ ਕੌਂਸਲ ਨਵਾਂ ਗਰਾਉਂ ਇਸ ਵੱਲ ਧਿਆਨ ਨਹੀਂ ਦੇ ਰਹੇ। ਉਨ੍ਹਾਂ ਕਿਹਾ ਕਿ ਦੋ ਮਹੀਨੇ ਪਹਿਲਾਂ ਲੋਕਾਂ ਨੇ ਆਪਣੇ ਪੱਧਰ ’ਤੇ ਹੀ ਜੇਸੀਬੀ ਮਸ਼ੀਨ ਦੀ ਮਦਦ ਨਾਲ ਪੁਲ ਦੇ ਦੋਵੇਂ ਪਾਸੇ ਮਿੱਟੀ ਪਾ ਕੇ ਪੁਲ ਉੱਤੋਂ ਲੰਘਣ ਲਈ ਲੰਘਣ ਦਾ ਪ੍ਰਬੰਧ ਕਰ ਲਿਆ ਸੀ। ਉਨ੍ਹਾਂ ਕਿਹਾ ਕਿ ਹੁਣ ਮੀਂਹ ਨੇ ਇਸ ਮਿੱਟੀ ਨੂੰ ਖੋਰ ਦਿੱਤਾ ਹੈ ਜਿਸ ਕਾਰਨ ਵੱਡੀ ਗਿਣਤੀ ਰਾਹਗੀਰ ਪ੍ਰੇਸ਼ਾਨ ਹੋ ਰਹੇ ਹਨ। ਇਸ ਕਾਰਨ ਲੋਕਾਂ ਨੂੰ ਨਵਾਂ ਗਰਾਉਂ ਅਤੇ ਸਿੰਘ ਦੇਵੀ ਕਲੋਨੀ ਵਿੱਚ ਆਉਣ-ਜਾਣ ਲਈ ਮੁਸ਼ਕਲ ਆ ਰਹੀ ਹੈ। ਲੋਕਾਂ ਨੇ ਸਰਕਾਰ ਤੇ ਪ੍ਰਸ਼ਾਸਨ ਕੋਲੋਂ ਪੁਲ ਚਾਲੂ ਕਰਨ ਦੀ ਮੰਗ ਕੀਤੀ ਹੈ।

ਕਚਹਿਰੀਆਂ ’ਚ ਪਾਣੀ ਭਰਿਆ

ਖਰੜ (ਸ਼ਸ਼ੀ ਪਾਲ ਜੈਨ): ਖਰੜ ਦੇ ਸੀਨੀਅਰ ਵਕੀਲ ਗੁਰਮੇਲ ਸਿੰਘ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਵੱਲੋਂ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰਨ ਲਈ ਲੰਬੇ ਚੌੜੇ ਵਾਅਦੇ ਤੇ ਦਾਅਵੇ ਕੀਤੇ ਜਾ ਰਹੇ ਹਨ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੈ। ਗੁਰਮੇਲ ਸਿੰਘ ਨੇ ਕਿਹਾ ਕਿ ਇੱਥੇ ਕਚਹਿਰੀਆਂ ਵਿੱਚ ਮੀਂਹ ਦਾ ਪਾਣੀ ਭਰ ਗਿਆ। ਉਨ੍ਹਾਂ ਅਧਿਕਾਰੀਆਂ ਨੂੰ ਸਵਾਲ ਕੀਤਾ ਕਿ ਇਸ ਪਾਣੀ ਦੇ ਨਿਕਾਸ ਦਾ ਪ੍ਰਬੰਧ ਕਿਉਂ ਨਹੀਂ ਕੀਤਾ ਜਾਂਦਾ। ਉਨ੍ਹਾਂ ਕਿਹਾ ਕਿ ਖਰੜ ਦੀਆਂ ਕਚਹਿਰੀਆਂ ਵਿੱਚ ਵੱਡੀ ਗਿਣਤੀ ਲੋਕ ਆਉਂਦੇ ਹਨ। ਇਸ ਸਬੰਧੀ ਕਈ ਵਾਰ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਵੀ ਬੇਨਤੀ ਕੀਤੀ ਜਾ ਚੁੱਕੀ ਹੈ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਮੰਗ ਕੀਤੀ ਹੈ ਕਿ ਸਰਕਾਰ ਤੁਰੰਤ ਇਸ ਵੱਲ ਧਿਆਨ ਦੇਵੇ।

 

ਘੱਗਰ ਨੇੜੇ ਨਾ ਜਾਣ ਦੇ ਹੁਕਮ

ਪੰਚਕੂਲਾ (ਪੱਤਰ ਪ੍ਰੇਰਕ): ਮੌਨਸੂਨ ਦੇ ਮੱਦੇਨਜ਼ਰ ਪੰਚਕੂਲਾ ਪੁਲੀਸ ਨੇ ਘੱਗਰ ਨਦੀ ਖੇਤਰ ਦਾ ਨਿਰੀਖਣ ਕੀਤਾ। ਸੈਕਟਰ-1 ਚੌਕੀ ਦੀ ਪੁਲੀਸ ਟੀਮ ਨੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਬਰਸਾਤ ਦੇ ਮੌਸਮ ਦੌਰਾਨ ਘੱਗਰ ਨਦੀ ਵਿੱਚ ਪਾਣੀ ਦਾ ਵਹਾਅ ਅਚਾਨਕ ਵਧ ਸਕਦਾ ਹੈ। ਇਸ ਕਾਰਨ ਨੇੜਲੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਸਕਦਾ ਹੈ ਜਾਂ ਹੜ੍ਹ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ। ਪੁਲੀਸ ਨੇ ਨਾਗਰਿਕਾਂ ਨੂੰ ਪ੍ਰਸ਼ਾਸਨ ਅਤੇ ਆਫ਼ਤ ਪ੍ਰਬੰਧਨ ਵਿਭਾਗ ਵੱਲੋਂ ਸਮੇਂ-ਸਮੇਂ ‘ਤੇ ਜਾਰੀ ਚਿਤਾਵਨੀਆਂ ਅਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਵੀ ਅਪੀਲ ਕੀਤੀ। ਕਿਸੇ ਵੀ ਹੰਗਾਮੀ ਹਾਲਾਤ ’ਚ ਤੁਰੰਤ ਪੁਲੀਸ ਕੰਟਰੋਲ ਰੂਮ ਜਾਂ ਸਥਾਨਕ ਪ੍ਰਸ਼ਾਸਨਿਕ ਇਕਾਈਆਂ ਨਾਲ ਸੰਪਰਕ ਕਰਨ ਲਈ ਕਿਹਾ। ਡੀਸੀਪੀ ਸ੍ਰਿਸ਼ਟੀ ਗੁਪਤਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਮਾਨਸੂਨ ਦੌਰਾਨ ਕੁਦਰਤੀ ਆਫ਼ਤਾਂ ਤੋਂ ਚੌਕਸ ਰਹਿਣ।

 

ਮੀਂਹ ਕਾਰਨ ਪੰਚਕੂਲਾ ’ਚ ਜਨ-ਜੀਵਨ ਪ੍ਰਭਾਵਿਤ

ਪੰਚਕੂਲਾ (ਪੀਪੀ ਵਰਮਾ): ਪੰਚਕੂਲਾ ਵਿੱਚ ਪੈ ਰਹੀ ਭਾਰੀ ਬਰਸਾਤ ਨੇ ਜਨ-ਜੀਵਨ ਠੱਪ ਕਰ ਦਿੱਤਾ। ਇੱਥੇ ਚੌਕਾਂ ਵਿੱਚ ਗੋਡੇ-ਗੋਡੇ ਪਾਣੀ ਖੜ੍ਹ ਗਿਆ ਹੈ। ਸੈਕਟਰ-20 ਦਾ ਟੀ-ਪੁਆਇਂਟ ਪੂਰੀ ਤਰ੍ਹਾਂ ਪਾਣੀ ਨਾਲ ਭਰ ਗਿਆ। ਇੱਥੇ ਘੱਗਰ ਅਤੇ ਸਿਸਵਾਂ ਨਦੀ ਪੂਰੀ ਤਰ੍ਹਾਂ ਪਾਣੀ ਨਾਲ ਭਰੀਆਂ ਹੋਈਆਂ ਹਨ। ਭਾਰੀ ਬਰਸਾਤ ਕਾਰਨ ਕਈ ਸੁਸਾਇਟੀਆਂ ਦੀਆਂ ਲਿਫਟਾਂ ਵਿੱਚ ਪਾਣੀ ਭਰ ਗਿਆ। ਮਨੀ ਮਾਜਰਾ ਤੋਂ ਪੰਚਕੂਲਾ ਵੱਲ ਆਉਣ ਵਾਲਾ ਬਰਸਾਤੀ ਨਾਲੇ ’ਚ ਕਾਫ਼ੀ ਜ਼ਿਆਦਾ ਪਾਣੀ ਹੈ। ਇਸ ਵਿੱਚ ਰੱਖਿਆ ਕਬਾੜ ਪਾਣੀ ਕਾਰਨ ਰੁੜ੍ਹ ਗਿਆਹੈ। ਇੱਥੇ ਅੱਜ ਮਾਰਕੀਟਾਂ ਸੁੰਨੀਆਂ ਰਹੀਆਂ ਅਤੇ ਰੇਹੜੀ-ਫੜ੍ਹੀ ਵਾਲਿਆਂ ਦਾ ਕੰਮ ਠੱਪ ਰਿਹਾ। ਬਰਸਾਤ ਕਾਰਨ ਮੁਲਾਜ਼ਮਾਂ ਨੂੰ ਦਫ਼ਤਰਾਂ ਵਿੱਚ ਪਹੁੰਚਣ ਵਿੱਚ ਪ੍ਰੇਸ਼ਾਨੀ ਆਈ।

Advertisement