ਰਾਏਪੁਰ ਕਲਾਂ ਅਤੇ ਬਲਟਾਣਾ ਵਿਚਾਲੇ ਜਲਦ ਬਣੇਗਾ ਰੇਲਵੇ ਅੰਡਰਬ੍ਰਿਜ
ਚੰਡੀਗੜ੍ਹ ਅਤੇ ਜ਼ੀਰਕਪੁਰ ਵਿਚਕਾਰ ਪਿੰਡ ਰਾਏਪੁਰ ਕਲਾਂ ਅਤੇ ਬਲਟਾਣਾ ਵਿੱਚ ਸਥਿਤ ਰੇਲਵੇ ਲਾਈਨ ’ਤੇ ਲੋਕਾਂ ਨੂੰ ਭਾਰੀ ਟਰੈਫ਼ਿਕ ਜਾਮ ਕਰਕੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹੁਣ ਰੇਲ ਮੰਤਰਾਲੇ ਨੇ ਚੰਡੀਗੜ੍ਹ ਪ੍ਰਸ਼ਾਸਨ ਦੀ ਮਦਦ ਨਾਲ ਰਾਏਪੁਰ ਕਲਾਂ ਅਤੇ ਬਲਟਾਣਾ ਵਿੱਚ ਰੇਲਵੇ ਅੰਡਰਬ੍ਰਿਜ ਬਣਾਉਣ ਦੀ ਤਿਆਰੀ ਕਰ ਲਈ ਹੈ, ਜਿੱਥੇ ਜਲਦ ਹੀ ਰੇਲਵੇ ਅੰਡਰਬ੍ਰਿਜ ਬਣ ਜਾਵੇਗਾ। ਇਹ ਰੇਲਵੇ ਅੰਡਰਬ੍ਰਿਜ 12.81 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਜਾ ਰਿਹਾ ਹੈ। ਇਸ ਪ੍ਰਾਜੈਕਟ ’ਤੇ ਰੇਲ ਮੰਤਰਾਲੇ ਅਤੇ ਯੂ ਟੀ ਪ੍ਰਸ਼ਾਸਨ ਵੱਲੋਂ ਬਰਾਬਰ ਖਰਚਾ ਕੀਤਾ ਜਾਵੇਗਾ। ਪੰਜਾਬ ਦੇ ਰਾਜਪਾਲ ਅਤੇ ਯੂ ਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਰੇਲਵੇ ਅੰਡਰਬ੍ਰਿਜ ਲਈ ਚੰਡੀਗੜ੍ਹ ਦੇ ਹਿੱਸੇ ਦੀ 50 ਫ਼ੀਸਦੀ ਰਾਸ਼ੀ 6.40 ਕਰੋੜ ਰੁਪਏ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਹੁਣ ਯੂ ਟੀ ਪ੍ਰਸ਼ਾਸਨ ਵੱਲੋਂ ਇਸ ਰਕਮ ਦਾ ਭੁਗਤਾਨ ਜਲਦ ਹੀ ਰੇਲ ਮੰਤਰਾਲੇ ਨੂੰ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਪਿੰਡ ਰਾਏਪੁਰ ਕਲਾਂ ਅਤੇ ਬਲਟਾਣਾ ਵਿਚਕਾਰ ਰੇਲਵੇ ਅੰਡਰਬ੍ਰਿਜ ਬਣਨ ਨਾਲ ਪਿੰਡ ਰਾਏਪੁਰ ਕਲਾਂ, ਵਿਕਾਸ ਨਗਰ, ਬਲਟਾਣਾ, ਜ਼ੀਰਕਪੁਰ, ਢਕੋਲੀ, ਪੰਚਕੂਲਾ, ਮੌਲੀ ਜੱਗਰਾਂ ਅਤੇ ਆਲੇ-ਦੁਆਲੇ ਇਲਾਕੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਟਰੈਫ਼ਿਕ ਜਾਮ ਦੀ ਸਮੱਸਿਆ ਤੋਂ ਰਾਹਤ ਮਿਲ ਜਾਵੇਗੀ। ਜ਼ਿਕਰਯੋਗ ਹੈ ਕਿ ਰਾਏਪੁਰ ਕਲਾਂ ਅਤੇ ਬਲਟਾਣਾ ਵਿਚਕਾਰ ਰੇਲਵੇ ਅੰਡਰਬ੍ਰਿਜ ਬਣਾਉਣ ਦੀ ਯੋਜਨਾ 7 ਸਾਲ ਪਹਿਲਾਂ ਤਿਆਰ ਕੀਤੀ ਗਈ ਸੀ, ਪਰ ਜ਼ਮੀਨ ਨਾ ਮਿਲਣ ਕਰਕੇ ਪ੍ਰਾਜੈਕਟ ਵਿਚਕਾਰ ਹੀ ਲਟਕ ਗਿਆ ਸੀ। ਅੰਡਰਬ੍ਰਿਜ ਲਈ ਜ਼ਮੀਨ ਮਿਲਣ ਤੋਂ ਬਾਅਦ ਪ੍ਰਾਜੈਕਟ ’ਤੇ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਾਲ 2021-22 ਵਿੱਚ ਰੇਲਵੇ ਅੰਡਰਬ੍ਰਿਜ ਦੇ ਪ੍ਰਾਜੈਕਟ ’ਤੇ 7.99 ਕਰੋੜ ਰੁਪਏ ਖਰਚ ਕਰਨ ਦਾ ਅਨੁਮਾਨ ਸੀ, ਜਿਸ ਵਿੱਚ ਯੂ ਟੀ ਵੱਲੋਂ 4 ਕਰੋੜ ਰੁਪਏ ਅਤੇ ਰੇਲਵੇ ਵੱਲੋਂ 3.99 ਕਰੋੜ ਰੁਪਏ ਦਾ ਭੁਗਤਾਨ ਕਰਨਾ ਸੀ। ਹੁਣ ਪ੍ਰਾਜੈਕਟ ਵਿੱਚ ਦੇਰੀ ਹੋਣ ਕਰਕੇ ਇਹ ਪ੍ਰਾਜੈਕਟ 12.81 ਕਰੋੜ ਰੁਪਏ ਵਿੱਚ ਤਿਆਰ ਕੀਤਾ ਜਾ ਰਿਹਾ ਹੈ, ਜਿਸ ਵਿੱਚ ਚੰਡੀਗੜ੍ਹ ਵਿੱਚ 6.40 ਕਰੋੜ ਰੁਪਏ ਅਤੇ ਬਾਕੀ ਰੇਲਵੇ ਵੱਲੋਂ ਪਾਏ ਜਾ ਰਹੇ ਹਨ।
