ਰੂਸੀ ਫ਼ੌਜ ’ਚ ਅਜੇ ਵੀ ਭਰਤੀ ਕੀਤੇ ਜਾ ਰਹੇ ਨੇ ਪੰਜਾਬੀ ਨੌਜਵਾਨ
ਜਗਦੀਪ ਸਿੰਘ, ਜਿਸ ਦਾ ਭਰਾ ਮਨਦੀਪ ਸਿੰਘ ਜੰਗ ’ਚ ਲਾਪਤਾ ਹੈ, ਨੇ ਕਿਹਾ, “ਇਸ ਸਾਲ ਜੁਲਾਈ ਤੋਂ ਘੱਟੋ-ਘੱਟ 15 ਪੰਜਾਬੀ ਨੌਜਵਾਨ ਰੂਸੀ ਫ਼ੌਜ ਵਿੱਚ ਭਰਤੀ ਕੀਤੇ ਗਏ ਹਨ ਅਤੇ ਇਸ ਵੇਲੇ ਰੂਸੀ-ਯੂਕਰੇਨ ਯੁੱਧ ਵਿੱਚ ਲੜ ਰਹੇ ਹਨ।’’
ਰੂਸੀ ਫ਼ੌਜ ਵਿੱਚ ਜ਼ਬਰੀ ਭਰਤੀ ਕੀਤੇ ਗਏ ਹੋਰ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ, ਜਗਦੀਪ ਸਿੰਘ ਨੇ ਦੱਸਿਆ ਕਿ ਫਸੇ ਨੌਜਵਾਨ ਰੂਸ ਵਿੱਚ ਭਾਰਤੀ ਦੂਤਾਵਾਸ ਨੂੰ ਬੇਚੈਨੀ ਨਾਲ ਫੋਨ ਕਰ ਰਹੇ ਹਨ ਪਰ ਕੋਈ ਜਵਾਬ ਨਹੀਂ ਮਿਲਿਆ।
ਰੂਸ ’ਚ ਫਸੇ ਹੋਏ ਨੌਜਵਾਨਾਂ ਦੇ ਪਰਿਵਾਰਾਂ ਵੱਲੋਂ ਲਿਖੇ ਪੱਤਰਾਂ ਦਾ ਜਵਾਬ ਦੇਣ ਤੋਂ ਬਿਨਾਂ ਵਿਦੇਸ਼ ਮੰਤਰਾਲਾ ਇਨ੍ਹਾਂ ਨੌਜਵਾਨਾਂ ਦੀ ਘਰ ਵਾਪਸੀ ਲਈ ਕੁਝ ਨਹੀਂ ਕਰ ਰਿਹਾ।
ਕਾਂਗਰਸ ਵਿਧਾਇਕ ਪ੍ਰਗਟ ਸਿੰਘ, ਜੋ ਰੂਸ ’ਚ ਫਸੇ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਚੰਡੀਗੜ੍ਹ ਲੈ ਕੇ ਆਏ ਸਨ, ਨੇ ਕਿਹਾ ਕਿ ਸਭ ਤੋਂ ਦੁਖਦਾਈ ਗੱਲ ਇਹ ਸੀ ਕਿ ਪੰਜਾਬ ਪੁਲੀਸ ਉਨ੍ਹਾਂ ਏਜੰਟਾਂ ਨੂੰ ਲੱਭਣ ਅਤੇ ਗ੍ਰਿਫ਼ਤਾਰ ਕਰਨ ਵਿੱਚ ਅਸਫ਼ਲ ਰਹੀ ਹੈ ਜੋ ਨੌਜਵਾਨਾਂ ਨੂੰ ਜ਼ਬਰਦਸਤੀ ਰੂਸੀ ਫ਼ੌਜ ਵਿੱਚ ਭਰਤੀ ਕਰਵਾ ਰਹੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਇਹ ਮਾਮਲਾ ਵਿਦੇਸ਼ ਮੰਤਰਾਲੇ ਕੋਲ ਵੀ ਚੁੱਕਿਆ ਸੀ ਪਰ ਕੁਝ ਨਹੀਂ ਹੋਇਆ।
ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜੰਗ ਵਿੱਚ ਮਾਰੇ ਗਏ ਨੌਜਵਾਨਾਂ ਦੇ ਪਰਿਵਾਰਾਂ ਨੂੰ ਦਿੱਤਾ ਜਾਣ ਵਾਲਾ ਮੁਆਵਜ਼ਾ ਜਾਂ ਜ਼ਖ਼ਮੀ ਨੌਜਵਾਨਾਂ ਦੀ ਪੈਨਸ਼ਨ ਏਜੰਟਾਂ ਵੱਲੋਂ ਆਪਣੀ ਜੇਬ ’ਚ ਪਾਇਆ ਜਾ ਰਿਹਾ ਸੀ ਅਤੇ ਭਾਰਤ ਸਰਕਾਰ ਇਸ ਨੂੰ ਰੋਕਣ ਵਿੱਚ ਨਾਕਾਮ ਰਹੀ ਹੈ।
ਨਵੀਂ ਦਿੱਲੀ ਨੇ ਰੂਸੀ ਫ਼ੌਜ ਦੁਆਰਾ ਭਾਰਤੀਆਂ ਦੀ ਨਵੀਂ ਭਰਤੀ ਦੀਆਂ ਰਿਪੋਰਟਾਂ ਤੋਂ ਬਾਅਦ ਰੂਸੀ ਹਥਿਆਰਬੰਦ ਸੈਨਾਵਾਂ ਵਿੱਚ ਸੇਵਾ ਕਰ ਰਹੇ ਸਾਰੇ ਭਾਰਤੀਆਂ ਦੀ ਰਿਹਾਈ ਦੀ ਮੰਗ ਕੀਤੀ ਸੀ।
ਭਾਰਤ ਨੇ ਆਪਣੇ ਨਾਗਰਿਕਾਂ ਨੂੰ ਰੂਸੀ ਫ਼ੌਜ ਵਿੱਚ ਸ਼ਾਮਲ ਹੋਣ ਦੀਆਂ ਪੇਸ਼ਕਸ਼ਾਂ ਤੋਂ ਸੁਚੇਤ ਰਹਿਣ ਦੀ ਚਿਤਾਵਨੀ ਦਿੱਤੀ ਸੀ ਕਿਉਂਕਿ ਇਸ ਵਿੱਚ ‘ਜੋਖਮ ਤੇ ਖ਼ਤਰੇ’ ਸ਼ਾਮਲ ਹਨ।
ਇਹ ਮੁੱਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਰੂਸ ਦੀ ਆਪਣੀ ਫੇਰੀ ਦੌਰਾਨ ਵੀ ਉਠਾਇਆ ਸੀ।
ਮਲੇਰਕੋਟਲਾ ਤੋਂ ਗੁਰਮੇਲ ਸਿੰਘ, ਜਿਸ ਦਾ ਪੁੱਤਰ ਬੁੱਧ ਰਾਮ ਸਿੰਘ ਰੂਸ-ਯੂਕਰੇਨ ਯੁੱਧ ਲੜਦੇ ਸਮੇਂ ਲਾਪਤਾ ਹੋਣ ਦੀ ਖ਼ਬਰ ਹੈ, ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਬੇਖਬਰ ਹੈ ਕਿਉਂਕਿ ਸਰਕਾਰ ਉਸ ਦੇ ਪੁੱਤਰ ਦਾ ਪਤਾ ਲਗਾਉਣ ਵਿੱਚ ਨਾਕਾਮ ਰਹੀ ਹੈ।
ਅੰਮ੍ਰਿਤਸਰ ਦੀ ਪਰਮਿੰਦਰ ਕੌਰ, ਜਿਸ ਦਾ ਪਤੀ ਜਗਦੀਪ ਸਿੰਘ ਯੁੱਧ ਵਿੱਚ ਮਾਰਿਆ ਗਿਆ ਸੀ, ਨੇ ਕਿਹਾ ਕਿ ਭਾਰਤ ਸਰਕਾਰ ਨੂੰ ਭਾਰਤ ਅਤੇ ਰੂਸ ਵਿੱਚ ਏਜੰਟਾਂ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ, ਜੋ ਨੌਜਵਾਨਾਂ ਨੂੰ ਹਨੇਰੇ ਵਿੱਚ ਰੱਖ ਕੇ ਰੂਸੀ ਫ਼ੌਜ ’ਚ ਭੇਜ ਰਹੇ ਸਨ।