ਪੰਜਾਬੀ ਗਾਇਕ ਰਾਜਵੀਰ ਜਵੰਦਾ ਸੜਕ ਹਾਦਸੇ ਵਿੱਚ ਗੰਭੀਰ ਜ਼ਖ਼ਮੀ
ਪੰਜਾਬੀ ਗਾਇਕ ਰਾਜਵੀਰ ਜਵੰਦਾ ਸੜਕ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋਏ ਹਨ। ਇਹ ਹਾਦਸਾ ਬੱਦੀ ਤੋਂ ਸ਼ਿਮਲਾ ਨੂੰ ਜਾਂਦੇ ਮਾਰਗ ਉੱਤੇ ਵਾਪਰਿਆ ਦੱਸਿਆ ਜਾ ਰਿਹਾ ਹੈ। ਉਨ੍ਹਾਂ ਨੂੰ ਬੇਹੱਦ ਗੰਭੀਰ ਹਾਲਤ ਵਿੱਚ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ।
ਰਾਜਵੀਰ ਜਵੰਦਾ ਨੂੰ ਦੁਪਹਿਰ 1:45 ਵਜੇ ਗੰਭੀਰ ਹਾਲਤ ਵਿਚ ਐਮਰਜੈਂਸੀ ਵਿੱਚ ਲਿਆਂਦਾ ਗਿਆ। ਉਸ ਨੂੰ ਸਵੇਰੇ ਵੇਲੇ ਸੜਕ ਹਾਦਸੇ ਦੌਰਾਨ ਸਿਰ ਅਤੇ ਰੀੜ੍ਹ ਦੀ ਹੱਡੀ ਵਿੱਚ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਫੋਰਟਿਸ ਹਸਪਤਾਲ ਮੁਹਾਲੀ ਵਿੱਚ ਲਿਆੳਣ ਤੋਂ ਪਹਿਲਾਂ ਉਸ ਨੂੰ ਸਿਵਲ ਹਸਪਤਾਲ ਵਿੱਚ ਦਿਲ ਦਾ ਦੌਰਾ ਵੀ ਪਿਆ ਸੀ।
ਫੋਰਟਿਸ ਵਿਚ ਐਮਰਜੈਂਸੀ ਵਿਚ ਪੁੱਜਣ ’ਤੇ ਨਿਊਰੋਸਰਜਰੀ ਟੀਮਾਂ ਵਲੋਂ ਉਸ ਦਾ ਇਲਾਜ ਕੀਤਾ ਗਿਆ ਤੇ ਉਸ ਨੂੰ ਐਡਵਾਂਸਡ ਲਾਈਫ ਸਪੋਰਟ ’ਤੇ ਰੱਖਿਆ ਗਿਆ ਹੈ। ਪੁਲੀਸ ਅਧਿਕਾਰੀ ਤੋਂ ਅਦਾਕਾਰ ਬਣੇ ਜਵੰਦਾ ਇਸ ਸਮੇਂ ਵੈਂਟੀਲੇਟਰ ਸਪੋਰਟ ’ਤੇ ਹਨ ਅਤੇ ਡਾਕਟਰਾਂ ਦੀ ਟੀਮ ਉਸ ਦੀ ਨਿਗਰਾਨੀ ਰੱਖ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਉਹ ਆਪਣੇ ਮੋਟਰਸਾਈਕਲ ਉੱਤੇ ਸਵਾਰ ਸਨ ਜਦੋਂ ਉਨ੍ਹਾਂ ਨਾਲ ਹਾਦਸਾ ਵਾਪਰਿਆ। ਰਾਜਵੀਰ ਜਵੰਦਾ ਦੇ ਹਾਦਸੇ ਦੀ ਖਬਰ ਸੁਣਦਿਆਂ ਹੀ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਵੱਖ ਵੱਖ ਗਾਇਕ ਤੇ ਉਨ੍ਹਾਂ ਦੇ ਮਿੱਤਰ ਤੇ ਰਿਸ਼ਤੇਦਾਰ ਪਹੁੰਚਣੇ ਸ਼ੁਰੂ ਹੋ ਗਏ ਹਨ।
ਗਾਇਕ ਕੁਲਵਿੰਦਰ ਬਿੱਲਾ ਵੀ ਤੁਰੰਤ ਹਸਪਤਾਲ ਪਹੁੰਚੇ। ਤਮਾਮ ਕਲਾਕਾਰਾਂ ਅਤੇ ਸਿਆਸੀ ਸਖ਼ਸੀਅਤਾਂ ਵੱਲੋਂ ਉਨ੍ਹਾਂ ਦੀ ਸਿਹਤਯਾਬੀ ਲਈ ਅਰਦਾਸ ਕੀਤੀ ਜਾ ਰਹੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਵੀ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਗਾਇਕ ਦੀ ਸਿਹਤਯਾਬੀ ਕਾਮਨਾ ਕੀਤੀ ਗਈ।