ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਦੇਹਾਂਤ, ਵੀਰਵਾਰ ਨੂੰ ਜਗਰਾਓਂ ਨੇੜੇ ਜੱਦੀ ਪਿੰਡ ਵਿਚ ਹੋਵੇਗਾ ਸਸਕਾਰ
ਫੋਰਟਿਸ ਹਸਪਤਾਲ ਦੇ ਡਾਇਰੈਕਟਰ ਅਭਿਜੀਤ ਸਿੰਘ ਨੇ ਗਾਇਕ ਦੇ ਦੇਹਾਂਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਰਾਜਵੀਰ ਜਵੰਦਾ ਨੇ ਸਵੇਰੇ 10:55 ਵਜੇ ਆਖਰੀ ਸਾਹ ਲਏ। ਰਾਜਵੀਰ ਜਵੰਦਾ ਦੀ ਮੌਤ ਮਗਰੋਂ ਇਹਤਿਆਤ ਵਜੋਂ ਮੁਹਾਲੀ ਹਸਪਤਾਲ ਵਿਚ ਪੁਲੀਸ ਫੋਰਸ ਦੀ ਨਫ਼ਰੀ ਵਧਾ ਦਿੱਤੀ ਸੀ।
ਹਸਪਤਾਲ ਨੇ ਰਾਜਵੀਰ ਜਵੰਦਾ ਦੀ ਮ੍ਰਿਤਕ ਦੇਹ ਪਰਿਵਾਰ ਨੂੰ ਸੌਂਪ ਦਿੱਤੀ ਹੈ। ਗਾਇਕ ਦੀ ਦੇਹ ਮੁਹਾਲੀ ਦੇ ਸੈਕਟਰ 71 ਵਿਚਲੀ ਉਨ੍ਹਾਂ ਦੀ 91 ਨੰਬਰ ਕੋਠੀ ਵਿੱਚ ਰੱਖਣ ਤੋਂ ਬਾਅਦ ਜਗਰਾਓਂ ਨੇੜੇ ਜੱਦੀ ਪਿੰਡ ਪੋਨਾ ਲਿਜਾਈ ਜਾਵੇਗੀ। ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਵੀਰਵਾਰ ਨੂੰ ਕੀਤਾ ਜਾਵੇਗਾ। ਇਸ ਦੌਰਾਨ ਗਾਇਕ ਦੀ ਮ੍ਰਿਤਕ ਦੇਹ ਪੋਸਟਮਾਰਟਮ ਲਈ ਮੁਹਾਲੀ ਦੇ ਸਿਵਲ ਹਸਪਤਾਲ ਲਿਜਾਈ ਗਈ ਹੈ।
ਇਹ ਵੀ ਪੜ੍ਹੋ:Lost voices: ਗ਼ੈਰ-ਕੁਦਰਤੀ ਮੌਤ ਕਰਕੇ ਭਰ ਜਵਾਨੀ ’ਚ ਜਹਾਨੋਂ ਤੁਰ ਗਏ ਗਾਇਕ
ਇਹ ਵੀ ਪੜ੍ਹੋ:Rajvir jawanda: ਆਪਣੀ ਸੁਰੀਲੀ ਆਵਾਜ਼ ਦੇ ਨਾਲ ਪੰਜਾਬੀਆਂ ਦੇ ਮਨਾਂ ਵਿੱਚ ਵਸਦਾ ਰਹੇਗਾ ਰਾਜਵੀਰ ਜਵੰਦਾ
ਇਹ ਵੀ ਪੜ੍ਹੋ: ਜਵੰਦਾ ਦੀ ਪਤਨੀ ਦਾ ਡਰ ਸੱਚ ਸਾਬਤ ਹੋਇਆ, ਮੋਟਰਸਾਈਕਲ ’ਤੇ ਸ਼ਿਮਲਾ ਜਾਣ ਤੋਂ ਕੀਤਾ ਸੀ ਮਨ੍ਹਾਂ
ਇਸ ਦੌਰਾਨ ਗਾਇਕ ਦੇ ਅਕਾਲ ਚਲਾਣੇ ਦਾ ਪਤਾ ਲੱਗਦਿਆਂ ਹੀ ਹਸਪਤਾਲ ਵਿਚ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਗਾਇਕ ਦੀ ਆਮਦ ਵਧ ਗਈ। ਕੰਵਰ ਗਰੇਵਾਲ, ਰੇਸ਼ਮ ਅਨਮੋਲ, ਹਰਫ਼ ਚੀਮਾ, ਕਰਮਜੀਤ ਅਨਮੋਲ, ਗਾਇਕਾ ਰੁਪਿੰਦਰ ਹਾਂਡਾ, ਅਦਾਕਾਰ ਬੀ ਐੱਨ ਸ਼ਰਮਾ ਤੇ ਪ੍ਰਕਾਸ਼ ਗਾਧੂ ਨੇ ਹਸਪਤਾਲ ਪਹੁੰਚ ਕੇ ਪਰਿਵਾਰ ਨਾਲ ਦੁੱਖ ਵੰਡਾਇਆ।
ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ, ਮੁਹਾਲੀ ਤੋਂ ਸਾਬਕਾ ਵਿਧਾਇਕ ਬਲਬੀਰ ਸਿੱਧੂ, ਅਦਾਕਾਰਾ ਨੀਰੂ ਬਾਜਵਾ ਆਦਿ ਸਣੇ ਹੋਰਨਾਂ ਨੇ ਟਵੀਟ ਕਰਕੇ ਜਵੰਦਾ ਦੀ ਮੌਤ ’ਤੇ ਦੁੱਖ ਜਤਾਇਆ ਹੈ।
ਜਵੰਦਾ ਨੂੰ ਹਸਪਤਾਲ ਵਿਚ ਕ੍ਰਿਟੀਕਲ ਕੇਅਰ ਅਤੇ ਨਿਊਰੋਸਾਇੰਸ ਮਾਹਿਰਾਂ ਦੀ ਨਿਗਰਾਨੀ ਹੇਠ ਵੈਂਟੀਲੇਟਰ ’ਤੇ ਰੱਖਿਆ ਗਿਆ ਸੀ। ਸੜਕ ਹਾਦਸੇ ਵਿੱਚ ਗਾਇਕ ਦੇ ਸਿਰ ਅਤੇ ਰੀੜ੍ਹ ਦੀ ਹੱਡੀ ’ਤੇ ਗੰਭੀਰ ਸੱਟਾਂ ਲੱਗੀਆਂ ਸਨ।
ਲੁਧਿਆਣਾ ਦੇ ਜਗਰਾਓਂ ਦੇ ਪਿੰਡ ਪੋਨਾ ਦਾ ਰਹਿਣ ਵਾਲਾ ਜਵੰਦਾ ਆਪਣੇ ਗੀਤਾਂ ‘ਤੂ ਦਿਸ ਪੈਂਦਾ’, ‘ਖੁਸ਼ ਰਿਹਾ ਕਰ’, ‘ਸਰਦਾਰੀ’, ‘ਸਰਨੇਮ’, ‘ਆਫ਼ਰੀਨ’, "ਜ਼ਮੀਂਦਾਰ", ‘ਡਾਊਨ ਟੂ ਅਰਥ’ ਅਤੇ ‘ਕੰਗਣੀ" ਲਈ ਮਕਬੂਲ ਸੀ। ਜਵੰਦਾ ਨੇ 2018 ਵਿੱਚ ਗਿੱਪੀ ਗਰੇਵਾਲ-ਸਟਾਰਰ ਪੰਜਾਬੀ ਫਿਲਮ ‘ਸੂਬੇਦਾਰ ਜੋਗਿੰਦਰ ਸਿੰਘ’, 2019 ਵਿੱਚ ‘ਜਿੰਦ ਜਾਨ’ ਅਤੇ 2019 ਵਿੱਚ ‘ਮਿੰਦੋ ਤਹਿਸੀਲਦਾਰਨੀ’ ਵਿੱਚ ਵੀ ਕੰਮ ਕੀਤਾ ਸੀ।