ਪੰਜਾਬੀ ਮੰਚ ਵੱਲੋਂ ਰੋਸ ਮਾਰਚ ਲਈ ਲਾਮਬੰਦੀ
ਯੂ.ਟੀ. ਚੰਡੀਗੜ੍ਹ ਪ੍ਰਸ਼ਾਸਨ ਖਿਲਾਫ਼ ਪਹਿਲੀ ਨਵੰਬਰ ਨੂੰ ਕੱਢੇ ਜਾਣ ਵਾਲੇ ਪੈਦਲ ਰੋਸ ਮਾਰਚ ਵਿੱਚ ਪਿੰਡਾਂ ਦੇ ਲੋਕਾਂ ਦੀ ਸ਼ਮੂਲੀਅਤ ਕਰਵਾਉਣ ਲਈ ਅਤੇ ਪੰਜਾਬੀ ਭਾਸ਼ਾ ਦੀ ਰਖਵਾਲੀ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਚੰਡੀਗੜ੍ਹ ਪੰਜਾਬੀ ਮੰਚ ਵੱਲੋਂ ਮੀਟਿੰਗਾਂ ਦੇ ਸਿਲਸਿਲੇ ਤਹਿਤ ਅੱਜ ਪਿੰਡ ਧਨਾਸ ਵਿੱਚ ਬੈਠਕ ਹੋਈ। ਇਸ ਮੌਕੇ ਪੇਂਡੂ ਸੰਘਰਸ਼ ਕਮੇਟੀ ਅਤੇ ਤਰਕਸ਼ੀਲ ਸੁਸਾਇਟੀ ਚੰਡੀਗੜ੍ਹ ਦੇ ਅਹੁਦੇਦਾਰ ਵੀ ਸ਼ਾਮਲ ਹੋਏ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਮੰਚ ਦੇ ਪ੍ਰਧਾਨ ਸੁਖਜੀਤ ਸਿੰਘ ਹੱਲੋਮਾਜਰਾ, ਜਨਰਲ ਸਕੱਤਰ ਕਾਮਰੇਡ ਦੇਵੀ ਦਿਆਲ ਸ਼ਰਮਾ, ਸਕੱਤਰ ਗੁਰਪ੍ਰੀਤ ਸਿੰਘ ਸੋਮਲ, ਬਾਬਾ ਸਾਧੂ ਸਿੰਘ ਸਾਰੰਗਪੁਰ, ਬਾਬਾ ਗੁਰਦਿਆਲ ਸਿੰਘ ਖੁੱਡਾ ਅਲੀਸ਼ੇਰ, ਸ਼ਰਨਜੀਤ ਸਿੰਘ ਬੈਦਵਾਨ ਰਾਏਪੁਰ ਕਲਾਂ, ਬਲਕਾਰ ਸਿੱਧੂ, ਜੋਗਾ ਸਿੰਘ ਤਰਕਸ਼ੀਲ ਸੁਸਾਇਟੀ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਇਸ ਖਿੱਤੇ ਦੀ ਮਾਂ ਬੋਲੀ ਪੰਜਾਬੀ ਨੂੰ ਪਹਿਲੀ ਅਤੇ ਪ੍ਰਸ਼ਾਸਕੀ ਭਾਸ਼ਾ ਵਜੋਂ ਲਾਗੂ ਕਰਵਾਉਣ ਲਈ ਲੰਬੇ ਸੰਘਰਸ਼ ਚਲਦੇ ਆ ਰਹੇ ਹਨ ਪਰ ਪ੍ਰਸ਼ਾਸਨ ਟੱਸ ਤੋਂ ਮੱਸ ਨਹੀਂ ਹੋ ਰਿਹਾ। ਇੱਥੇ ਸਮੇਂ-ਸਮੇਂ ’ਤੇ ਆਏ ਅਤੇ ਆ ਰਹੇ ਪ੍ਰਸ਼ਾਸਕ ਅਤੇ ਅਫ਼ਸਰਾਂ ਨੂੰ ਵਾਰ-ਵਾਰ ਮੰਗ ਪੱਤਰ ਵੀ ਦਿੱਤੇ ਜਾਂਦੇ ਰਹੇ ਪਰ ਇਸ ਦੇ ਬਾਵਜੂਦ ਇਥੇ ਹੋਰ ਭਾਸ਼ਾ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਪਿੰਡ ਧਨਾਸ ਅਤੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਪਹਿਲੀ ਨਵੰਬਰ ਨੂੰ ਸੈਕਟਰ 30 ਸਥਿਤ ਮੱਖਣ ਸ਼ਾਹ ਲੁਬਾਣਾ ਭਵਨ ਤੋਂ ਸੈਕਟਰ 22 ਸਥਿਤ ਗੁਰਦੁਆਰਾ ਸਾਹਿਬ ਤੱਕ ਚੰਡੀਗੜ੍ਹ ਪ੍ਰਸ਼ਾਸਨ ਖਿਲਾਫ਼ ਪੈਦਲ ਰੋਸ ਕੱਢਿਆ ਜਾ ਰਿਹਾ ਹੈ। ਉਸ ਰੋਸ ਮਾਰਚ ਵਿੱਚ ਵੱਧ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਕਰਵਾਈ ਜਾਵੇ। ਮੀਟਿੰਗ ਵਿੱਚ ਡਾ. ਪਰਮਿੰਦਰ ਸਿੰਘ ਸੰਧੂ, ਅਮਨਿੰਦਰ ਸਿੰਘ, ਹਰਪ੍ਰੀਤ ਸਿੰਘ, ਸੁਰਜੀਤ ਸਿੰਘ, ਸੋਹਣ ਸਿੰਘ, ਕਰਮ ਸਿੰਘ, ਦਲਵਿੰਦਰ ਸਿੰਘ ਹਾਜ਼ਰ ਸਨ।
