ਆਉਣ ਵਾਲੇ ਸਮੇਂ ’ਚ ਉਦਯੋਗ ਲਾਉਣ ਲਈ ਸਭ ਤੋਂ ਢੁਕਵਾਂ ਹੋਵੇਗਾ ਪੰਜਾਬ: ਅਰੋੜਾ
ਉਨ੍ਹਾਂ ਕਿਹਾ, ਕਿ ਇੰਡਸਟਰੀਅਲ ਪਾਰਕ ਨੀਤੀ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਅਤੇ ਸਹੂਲਤਾਂ ਪ੍ਰਦਾਨ ਕਰੇਗੀ, ਜਿਸ ਨਾਲ ਉਦਯੋਗਾਂ, ਖਾਸ ਕਰਕੇ ਲਾਲ ਸ੍ਰੇਣੀ ਦੀਆਂ ਇਕਾਈਆਂ ਲਈ, ਆਬਾਦੀ ਵਾਲੇ ਖੇਤਰਾਂ ਤੋਂ ਦੂਰ ਸੁਰੱਖਿਅਤ ਖੇਤਰਾਂ ਵਿੱਚ ਸ਼ਿਫਟ ਹੋਣ ਦਾ ਵਿਕਲਪ ਦੇ ਕੇ ਇੱਕ ਸਹਾਇਕ ਵਾਤਾਵਰਨ ਦੇਵੇਗੀ। ਉਨ੍ਹਾਂ ਦੱਸਿਆ ਕਿ ਫਾਸਟਟ੍ਰੈਕ ਪੰਜਾਬ ਪੋਰਟਲ ਜੋ 10 ਜੂਨ, 2025 ਨੂੰ ਲਾਂਚ ਕੀਤਾ ਗਿਆ ਸੀ ਵਿਚ 45 ਦਿਨਾਂ ਦੇ ਅੰਦਰ 684 ਅਰਜ਼ੀਆਂ ਨੂੰ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ ਅਤੇ 747 ਸਮੀਖਿਆ ਅਧੀਨ ਹਨ।
ਅਰੋੜਾ ਨੇ ਦੱਸਿਆ ਕਿ ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ (ਪੀਐੱਸਆਈਈਸੀ) ਨੇ ਫੋਕਲ ਪੁਆਇੰਟਾਂ ਵਿੱਚ ਬੁਨਿਆਦੀ ਢਾਂਚੇ ਦੇ ਅੱਪਗ੍ਰੇਡ ਲਈ 100 ਕਰੋੜ ਰੁਪਏ ਅਲਾਟ ਕੀਤੇ ਹਨ। 70 ਕਰੋੜ ਰੁਪਏ ਦੇ ਟੈਂਡਰ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ, ਜਦੋਂ ਕਿ ਬਾਕੀ 30 ਕਰੋੜ ਰੁਪਏ ਪ੍ਰਕਿਰਿਆ ਅਧੀਨ ਹਨ।
ਮੁਹਾਲੀ ਦੇ ਕੰਮਾਂ ਦੀ ਜਾਣਕਾਰੀ ਦਿੰਦਿਆਂ ਮੰਤਰੀ ਨੇ ਕਿਹਾ ਕਿ ਸੈਮੀਕੰਡਕਟਰ ਸੈਕਟਰ ਵਿੱਚ ‘ਬ੍ਰਾਂਡ ਮੁਹਾਲੀ‘ ਨੂੰ ਵਿਸਵ ਪੱਧਰ ਤੇ ਉਭਾਰਨਾ ਹੈ, ਜੋ ਕਿ ਦੂਜੇ ਰਾਜਾਂ ਦੀ ਆਈਟੀ ਪ੍ਰਮੁੱਖਤਾ ਵਾਂਗ ਹੈ। ਉਨ੍ਹਾਂ ਦੱਸਿਆ ਕਿ ਇਨਫੋਸਿਸ ਨੇ ਤਿੰਨ ਸਾਲਾਂ ਦੇ ਅੰਦਰ ਇੱਕ ਏਆਈ-ਅਧਾਰਤ ਪ੍ਰੋਜੈਕਟ ਸੁਰੂ ਕਰਨ ਦਾ ਭਰੋਸਾ ਦਿੱਤਾ ਹੈ, ਜਿਸ ਨਾਲ ਮੁਹਾਲੀ ਵਿੱਚ 5,000 ਉੱਚ ਤਨਖਾਹ ਵਾਲੀਆਂ ਨੌਕਰੀਆਂ ਪੈਦਾ ਹੋਣਗੀਆਂ।