ਪੰਜਾਬ ’ਵਰਸਿਟੀ ਦੀ 143 ਸਾਲਾ ਵਿਰਾਸਤ ਦਾ ਜਸ਼ਨ ਮਨਾਇਆ
ਇਸ ਮੌਕੇ ਸ਼ੁਭਕਾਮਨਾਵਾਂ ਦਿੰਦਿਆਂ ਵੀ ਸੀ ਪ੍ਰੋ. ਰੇਣੂ ਵਿੱਗ ਨੇ ਯਾਦ ਕੀਤਾ ਕਿ ਇਹ ਯੂਨੀਵਰਸਿਟੀ 1 ਅਕਤੂਬਰ 1947 ਨੂੰ ਪੰਜਾਬ ਯੂਨੀਵਰਸਿਟੀ ਦੀ ਨਿਰੰਤਰਤਾ ਅਤੇ ਉੱਤਰਾਧਿਕਾਰੀ ਵਜੋਂ ਸਥਾਪਤ ਕੀਤੀ ਗਈ ਸੀ, ਜਿਸਦੀ ਸਥਾਪਨਾ 14 ਅਕਤੂਬਰ 1882 ਨੂੰ ਲਾਹੌਰ ਵਿੱਚ ਹੋਈ ਸੀ। ਉਨ੍ਹਾਂ ਕਿਹਾ ਕਿ ਅੱਜ ਅਸੀਂ ਆਪਣੀਆਂ ਜੜ੍ਹਾਂ ਨੂੰ ਯਾਦ ਕਰ ਰਹੇ ਹਾਂ ਅਤੇ ਇਸਦੀ ਅਮੀਰ ਵਿਰਾਸਤ ਅਤੇ 143 ਸਾਲਾਂ ਦੇ ਯੋਗਦਾਨ ਦਾ ਜਸ਼ਨ ਮਨਾ ਰਹੇ ਹਾਂ।
ਭਾਰਤ ਵਿੱਚ ਉੱਚ ਸਿੱਖਿਆ ਦੇ ਸਭ ਤੋਂ ਪੁਰਾਣੇ ਕੇਂਦਰਾਂ ਵਿੱਚੋਂ ਇੱਕ ਵਜੋਂ ਪੀ ਯੂ ਦੇ ਸ਼ਾਨਦਾਰ ਸਫ਼ਰ ’ਤੇ ਵਿਚਾਰ ਕਰਦਿਆਂ ਵੀ ਸੀ ਪ੍ਰੋ. ਵਿੱਗ ਨੇ ਟਿੱਪਣੀ ਕੀਤੀ ਕਿ ਪੰਜਾਬ ਯੂਨੀਵਰਸਿਟੀ ਗਿਆਨ, ਨਵੀਨਤਾ ਅਤੇ ਸਮਾਜ ਦੀ ਸੇਵਾ ਦੇ ਚਾਨਣ ਮੁਨਾਰੇ ਵਜੋਂ ਖੜ੍ਹੀ ਹੈ। ਯੂਨੀਵਰਸਿਟੀ ਦੇ ਹਾਲੀਆ ਪ੍ਰਦਰਸ਼ਨ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਪੀ.ਯੂ. ਸਾਰੀਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਦਰਜਾਬੰਦੀਆਂ ਵਿੱਚ ਲਗਾਤਾਰ ਆਪਣੀ ਸਥਿਤੀ ਵਿੱਚ ਸੁਧਾਰ ਕਰ ਰਹੀ ਹੈ।
ਇਸ ਮੌਕੇ ਰਜਿਸਟਰਾਰ ਪ੍ਰੋਫੈਸਰ ਵਾਈ.ਪੀ. ਵਰਮਾ, ਖੋਜ ਅਤੇ ਵਿਕਾਸ ਸੈੱਲ ਦੇ ਡਾਇਰੈਕਟਰ, ਪ੍ਰੋਫੈਸਰ ਮੀਨਾਕਸ਼ੀ ਗੋਇਲ, ਵਿੱਤ ਅਤੇ ਵਿਕਾਸ ਅਧਿਕਾਰੀ ਡਾ. ਵਿਕਰਮ ਨਈਅਰ, ਪ੍ਰੀਖਿਆਵਾਂ ਦੇ ਕੰਟਰੋਲਰ ਪ੍ਰੋਫੈਸਰ ਜਗਤ ਭੂਸ਼ਣ, ਵਾਈਸ ਚਾਂਸਲਰ ਦੇ ਸਕੱਤਰ ਪ੍ਰੋ. ਕ੍ਰਿਸ਼ਨ ਕੁਮਾਰ, ਡੀਨ ਵਿਦਿਆਰਥੀ ਭਲਾਈ ਪ੍ਰੋ. ਅਮਿਤ ਚੌਹਾਨ, ਡੀਨ ਵਿਦਿਆਰਥੀ ਭਲਾਈ (ਡਬਲਿਯੂ) ਪ੍ਰੋਫੈਸਰ ਨਮਿਤਾ ਗੁਪਤਾ, ਐੱਨ.ਐੱਸ.ਐੱਸ. ਪ੍ਰੋਗਰਾਮ ਕੋ-ਆਰਡੀਨੇਟਰ ਅਤੇ ਸਮਾਗਮ ਦੇ ਪ੍ਰਬੰਧਕ ਡਾ. ਪਰਵੀਨ ਗੋਇਲ ਅਤੇ ਯੂਨੀਵਰਸਿਟੀ ਦੇ ਅਧਿਕਾਰੀ, ਅਧਿਆਪਕ, ਸਟਾਫ਼ ਮੈਂਬਰ, ਖੋਜ ਵਿਦਵਾਨ ਅਤੇ ਵਿਦਿਆਰਥੀ ਮੌਜੂਦ ਸਨ।