Punjab News ਮੁੱਖ ਮੰਤਰੀ ਤੇ ਸੰਯੁਕਤ ਕਿਸਾਨ ਮੋਰਚਾ ਵਿਚਾਲੇ ਮੀਟਿੰਗ ਬੇਸਿੱਟਾ, ਮੋਰਚੇ ਦੇ ਆਗੂ 5 ਮਾਰਚ ਨੂੰ ਮਿੱਥੇ ਮੁਤਾਬਕ ਚੰਡੀਗੜ੍ਹ ’ਚ ਦੇਣਗੇ ਧਰਨਾ
ਆਤਿਸ਼ ਗੁਪਤਾ
ਚੰਡੀਗੜ੍ਹ, 3 ਮਾਰਚ
Punjab CM Bhagwant Mann walks out of meeting with farmer leaders, protest to go ahead ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਵੱਲੋਂ 5 ਮਾਰਚ ਤੋਂ ਚੰਡੀਗੜ੍ਹ ਵਿੱਚ ਲਗਾਏ ਜਾਣ ਵਾਲੇ ਪੱਕੇ ਮੋਰਚੇ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਤੇ ਸੰਯੁਕਤ ਕਿਸਾਨ ਮੋਰਚਾ ਵਿਚਕਾਰ ਪੰਜਾਬ ਭਵਨ, ਚੰਡੀਗੜ੍ਹ ਵਿੱਚ ਹੋਈ ਮੀਟਿੰਗ ਬੇਸਿੱਟਾ ਰਹੀ ਹੈ।
ਸੰਯੁਕਤ ਕਿਸਾਨ ਮੋਰਚਾ ਦੇ ਆਗੂ ਜੋਗਿੰਦਰ ਸਿੰਘ ਉਗਰਾਹਾਂ ਤੇ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕਿਸਾਨਾਂ ਵੱਲੋਂ 18 ਮੰਗਾਂ ਦਾ ਮੰਗ ਪੱਤਰ ਮੁੱਖ ਮੰਤਰੀ ਦੇ ਅੱਗੇ ਰੱਖਿਆ ਗਿਆ। ਇਸ ਦੌਰਾਨ 8 ਤੋਂ 9 ਮੰਗਾਂ ’ਤੇ ਹੀ ਵਿਚਾਰ-ਚਰਚਾ ਹੋਈ ਸੀ ਤੇ ਇਸ ਵਿੱਚੋਂ 1-2 ਮੰਗਾਂ ’ਤੇ ਮੁੱਖ ਮੰਤਰੀ ਨੇ ਸਹਿਮਤੀ ਵੀ ਜਤਾ ਦਿੱਤੀ ਸੀ। ਪਰ ਮਗਰੋਂ ਮੁੱਖ ਮੰਤਰੀ ਆਪਣੀ ਅੱਖ ਵਿੱਚ ਇਨਫੈਕਸ਼ਨ ਦਾ ਬਹਾਨਾ ਲਗਾ ਕੇ ਮੀਟਿੰਗ ਛੱਡ ਕੇ ਚਲੇ ਗਏ ਹਨ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ 5 ਮਾਰਚ ਦਾ ਧਰਨਾ ਨਾ ਲਾਉਣ ਦੀ ਗੱਲ ਆਖੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜੇ ਕਿਸਾਨਾਂ ਨੇ 5 ਮਾਰਚ ਨੂੰ ਧਰਨਾ ਦੇਣਾ ਹੈ ਤਾਂ ਕਿਸਾਨਾਂ ਨਾਲ ਮੰਨੀਆਂ ਹੋਈਆਂ ਸਾਰੀਆਂ ਮੰਗਾਂ ਵੀ ਰੱਦ ਕਰ ਦਿੱਤੀਆਂ ਜਾਣਗੀਆਂ।
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਵੱਲੋਂ 5 ਮਾਰਚ ਨੂੰ ਚੰਡੀਗੜ੍ਹ ਵਿੱਚ ਮੋਰਚਾ ਲਾਉਣ ਦਾ ਐਲਾਨ ਕੀਤਾ ਗਿਆ ਹੈ। ਮੋਰਚੇ ਵੱਲੋਂ ਆਪਣੇ ਫ਼ੈਸਲੇ ਅਨੁਸਾਰ 5 ਮਾਰਚ ਤੋਂ ਚੰਡੀਗੜ੍ਹ ਵਿੱਚ ਪੱਕਾ ਮੋਰਚਾ ਲਾਇਆ ਜਾਵੇਗਾ। ਅੱਜ ਦੀ ਮੀਟਿੰਗ ਵਿੱਚ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੇ ਕੁਲਦੀਪ ਸਿੰਘ ਧਾਲੀਵਾਲ ਵੀ ਮੌਜੂਦ ਸਨ।