ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Punjab News: ਪੰਜਾਬ ਤੋਂ ਵਾਧੂ ਪਾਣੀ ਦੀ ਉਮੀਦ ਨਾ ਰੱਖੇ ਹਰਿਆਣਾ: ਭਗਵੰਤ ਮਾਨ

Punjab News- Punjab-Haryana Water Issue:
ਮੁੱਖ ਮੰਤਰੀ ਭਗਵੰਤ ਮਾਨ
Advertisement

ਚਰਨਜੀਤ ਭੁੱਲਰ

ਚੰਡੀਗੜ੍ਹ, 29 ਅਪਰੈਲ

Advertisement

Punjab News - Punjab-Haryana Water Issue: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਹਰਿਆਣਾ ਨੂੰ ਵਾਧੂ ਪਾਣੀ ਦੇਣ ਤੋਂ ਸਾਫ਼ ਇਨਕਾਰ ਕਰਦਿਆਂ ਕਿਹਾ ਕਿ ਪੰਜਾਬ ਕੋਲ ਇੱਕ ਬੂੰਦ ਵੀ ਪਾਣੀ ਫ਼ਾਲਤੂ ਨਹੀਂ ਜਿਸ ਕਰਕੇ ਹਰਿਆਣਾ ਇਸ ਸਬੰਧੀ ਪੰਜਾਬ ਤੋਂ ਕੋਈ ਉਮੀਦ ਨਾ ਰੱਖੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਦਰਿਆਵਾਂ ਨੂੰ ਜਾਣ ਵਾਲਾ ਪਾਣੀ ਪੰਜਾਬ ਦੇ ਡੈਮਾਂ ਵਿੱਚ ਛੱਡਿਆ ਜਾਵੇ ਤਾਂ ਹੀ ਉਹ ਪਾਣੀ ਹਰਿਆਣਾ ਨੂੰ ਦਿੱਤਾ ਜਾ ਸਕਦਾ ਹੈ।

ਉਨ੍ਹਾਂ ਭਾਜਪਾ ਨੂੰ ਪਾਣੀ ਦੇ ਮਾਮਲੇ ’ਤੇ ਕੋਝੀ ਸਿਆਸਤ ਕਰਨ ਤੋਂ ਬਾਜ਼ ਆਉਣ ਲਈ ਕਿਹਾ ਹੈ। ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਬੀਬੀਐੱਮਬੀ ਦੇ ਜ਼ਰੀਏ ਪੰਜਾਬ ’ਤੇ ਦਬਾਅ ਬਣਾ ਰਹੀ ਹੈ ਪਰ ਪੰਜਾਬ ਕਿਸੇ ਵੀ ਦਬਾਅ ਅੱਗੇ ਝੁਕੇਗਾ ਨਹੀਂ।

ਉਨ੍ਹਾਂ ਕਿਹਾ ਕਿ ਹਰਿਆਣਾ ਦਰਿਆਵਾਂ ਦੇ ਪਾਣੀ ’ਚੋਂ ਆਪਣੇ ਬਣਦੇ ਹਿੱਸੇ ਤੋਂ ਜ਼ਿਆਦਾ 103 ਫ਼ੀਸਦੀ ਪਾਣੀ ਵਰਤ ਚੁੱਕਾ ਹੈ ਜਦੋਂ ਕਿ ਪੰਜਾਬ ਵਿੱਚ ਹੁਣ ਪਾਣੀ ਦੀ ਮੰਗ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਪੁਰਾਣੀਆਂ ਸਰਕਾਰਾਂ ਸਮੇਂ ਹਰਿਆਣਾ ਨੂੰ ਪੰਜਾਬ ਵਾਧੂ ਪਾਣੀ ਦੇ ਦਿੰਦਾ ਸੀ ਪਰ ਹੁਣ ਪੰਜਾਬ ਸਰਕਾਰ ਲਈ ਆਪਣਾ ਸੂਬਾ ਤਰਜੀਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਇਨਸਾਨੀ ਅਧਾਰ ’ਤੇ ਪਹਿਲਾਂ ਹੀ ਪੀਣ ਵਾਲੇ ਪਾਣੀ ਵਾਸਤੇ ਹਰਿਆਣਾ ਨੂੰ ਚਾਰ ਹਜ਼ਾਰ ਕਿਊਸਿਕ ਪਾਣੀ ਦੇ ਰਿਹਾ ਹੈ ਪਰ ਹੁਣ ਹਰਿਆਣਾ ਹੋਰ ਪਾਣੀ ਦੀ ਪੰਜਾਬ ਤੋਂ ਉਮੀਦ ਨਾ ਰੱਖੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਪੁਰਾਣੇ ਰਜਵਾਹੇ ਮੁੜ ਸੁਰਜੀਤ ਕੀਤੇ ਹਨ ਜਿਸ ਕਰਕੇ ਖ਼ੁਦ ਪੰਜਾਬ ਵਿੱਚ ਪਾਣੀ ਦੀ ਮੰਗ ਵਧ ਗਈ ਹੈ।

ਦੱਸਣਯੋਗ ਹੈ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਦੀ ਉੱਚ ਪੱਧਰੀ ਮੀਟਿੰਗ ਵਿੱਚ ਲੰਘੇ ਕੱਲ੍ਹ ਹਰਿਆਣਾ ਨੇ ਪੰਜਾਬ ਤੋਂ 8500 ਕਿਊਸਿਕ ਪਾਣੀ ਦੀ ਮੰਗ ਕੀਤੀ ਸੀ ਪਰ ਪੰਜਾਬ ਸਰਕਾਰ ਨੇ ਮੀਟਿੰਗ ਵਿੱਚ ਇਹ ਪਾਣੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਬਾਰੇ ਇੱਕ ਪੱਤਰ ਲਿਖਿਆ ਸੀ।

Advertisement