ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Punjab News: ਸਿੱਖਿਆ ਵਿਭਾਗ ਨੇ ਨਾਟਕਾਂ ’ਚ ਸਿੱਖ ਗੁਰੂਆਂ ਤੇ ਸਾਹਿਬਜ਼ਾਦਿਆਂ ਦੇ ਚਿੱਤਰਣ ’ਤੇ ਪਾਬੰਦੀ ਲਾਈ

Acting on directions of National Commission for Minorities, Punjab School Education Dept bans portrayal of Sikh Gurus, Sahibzadas in stage plays, dramas
ਫਾਈਲ ਫੋਟੋ: ਐੱਨਪੀ ਧਵਨ, ਪਠਾਨਕੋਟ
Advertisement

ਕੌਮੀ ਘੱਟਗਿਣਤੀ ਕਮਿਸ਼ਨ ਦੀਆਂ ਹਦਾਇਤਾਂ ’ਤੇ ਪੰਜਾਬ ਦੇ ਸਕੂਲ ਸਿੱਖਿਆ ਡਾਇਰੈਕਟੋਰੇਟ ਵੱਲੋਂ ਲੋੜੀਂਦੀਆਂ ਹਦਾਇਤਾਂ ਜਾਰੀ

ਅਰਚਿਤ ਵਤਸ

Advertisement

ਸ੍ਰੀ ਮੁਕਤਸਰ ਸਾਹਿਬ, 21 ਮਾਰਚ

Punjab News: ਪੰਜਾਬ ਦੇ ਸਕੂਲ ਸਿੱਖਿਆ ਡਾਇਰੈਕਟੋਰੇਟ ਨੇ ਰਾਜ ਭਰ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਡੀਈਓਜ਼) ਅਤੇ ਸਕੂਲ ਮੁਖੀਆਂ ਨੂੰ ਨਾਟਕਾਂ ਜਾਂ ਡਰਾਮਿਆਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ‘ਸਾਹਿਬਜ਼ਾਦਿਆਂ’ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਚਿੱਤਰਣ ’ਤੇ ਪਾਬੰਦੀ ਲਾਉਣ ਦੇ ਨਿਰਦੇਸ਼ ਦਿੱਤੇ ਹਨ। ਇਹ ਹੁਕਮ ਕੌਮੀ ਘੱਟਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਵੱਲੋਂ ਰਾਜ ਦੇ ਮੁੱਖ ਸਕੱਤਰ ਨੂੰ ਲਿਖੇ ਪੱਤਰ ਦੇ ਜਵਾਬ ਵਿੱਚ ਜਾਰੀ ਕੀਤੇ ਗਏ ਹਨ।

ਕਾਬਿਲੇਗ਼ੌਰ ਹੈ ਕਿ ਕਮਿਸ਼ਨ ਨੇ ਇਕ ਵਫ਼ਦ ਵੱਲੋਂ ਜਤਾਏ ਇਤਰਾਜ਼ਾਂ ਦਾ ਨੋਟਿਸ ਲਿਆ ਸੀ। ਵਫ਼ਦ ਨੇ ਇਤਰਾਜ਼ ਕੀਤਾ ਸੀ ਕਿ ਦੇਸ਼ ਭਰ ਦੇ ਸਕੂਲਾਂ ਵੱਲੋਂ ਕੁਝ ਸੇਧਾਂ ਦਾ ਗ਼ਲਤ ਅਰਥ ਕੱਢਦੇ ਹੋਏ ਨਾਟਕਾਂ ਵਿਚ ਵਿਦਿਆਰਥੀਆਂ ਜਾਂ ਵਿਅਕਤੀ ਵਿਸ਼ੇਸ਼ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ‘ਸਾਹਿਬਜ਼ਾਦਿਆਂ’ ਅਤੇ ਉਨ੍ਹਾਂ ਦੇ ਪਰਿਵਾਰਕ ਜੀਆਂ ਦੇ ਕਿਰਦਾਰ ਦਾ ਚਿੱਤਰਣ ਕਰਨ ਦੀ ਖੁੱਲ੍ਹ ਦਿੱਤੀ ਜਾ ਰਹੀ ਹੈ।

ਕੋਈ ਵੀ ਵਿਅਕਤੀ ਜਾਂ ਸੰਗਠਨ ਸਾਹਿਬਜ਼ਾਦਿਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਇਤਿਹਾਸਕ ਸ਼ਖਸੀਅਤਾਂ ਨੂੰ ਪੇਸ਼ ਨਾ ਕਰੇ, ਇਹ ਯਕੀਨੀ ਬਣਾਉਣ ਲਈ ਕਮਿਸ਼ਨ ਨੇ ਇੱਕ ਦਿਸ਼ਾ ਨਿਰਦੇਸ਼ (SOP) ਵੀ ਤਿਆਰ ਕੀਤਾ ਹੈ। ਐਸਓਪੀ ਵਿੱਚ ਸਪੱਸ਼ਟ ਤੌਰ ’ਤੇ ਕਿਹਾ ਗਿਆ ਹੈ ਕਿ ਕੋਈ ਵੀ ਵਿਅਕਤੀ, ਸਕੂਲੀ ਬੱਚਿਆਂ ਸਮੇਤ, ਕਿਸੇ ਵੀ ਤਰ੍ਹਾਂ ਦੇ ਸਟੇਜ ਨਾਟਕ ਵਿੱਚ ਸਿੱਖ ਗੁਰੂਆਂ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਨਕਲ ਨਹੀਂ ਕਰੇਗਾ।

ਕਮਿਸ਼ਨ ਨੇ ਜ਼ੋਰ ਦੇ ਕੇ ਕਿਹਾ ਕਿ ਇਤਿਹਾਸਕ ਸ਼ਖਸੀਅਤਾਂ, ਖਾਸ ਕਰਕੇ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਦੇ ਕਿਰਦਾਰ ਦਾ ਚਿੱਤਰਣ ਸੱਭਿਆਚਾਰਕ ਤੇ ਧਾਰਮਿਕ ਮਹੱਤਵ ਦਾ ਮਾਮਲਾ ਹੈ। ਐਸਓਪੀ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਸਾਹਿਬਜ਼ਾਦਿਆਂ ਦੀ ਕੁਰਬਾਨੀ ਦਾ ਸਨਮਾਨ ਕਰਦੇ ਹੋਏ ਸਿੱਖਾਂ ਦੀ ‘ਰਹਿਤ ਮਰਿਆਦਾ’ ਨੂੰ ਬਰਕਰਾਰ ਰੱਖਿਆ ਜਾਵੇ।

ਐਸਓਪੀ ਮੁਤਾਬਕ, ‘‘ਸਿੱਖ ਗੁਰੂਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਸਤਿਕਾਰ ਸਿਰਫ਼ ਲਿਖਤੀ ਜਾਂ ਜ਼ੁਬਾਨੀ ਰੂਪ ਵਿੱਚ ਹੀ ਬਿਆਨ ਕੀਤਾ ਜਾ ਸਕਦਾ ਹੈ। ਸਿੱਖ ਗੁਰੂਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਇਤਿਹਾਸ ਐਨੀਮੇਸ਼ਨ ਰਾਹੀਂ ਦਿਖਾਇਆ ਜਾ ਸਕਦਾ ਹੈ।’’ ਇਹ ਦਿਸ਼ਾ-ਨਿਰਦੇਸ਼ ਪੰਜਾਬ ਅਤੇ ਇਸ ਤੋਂ ਬਾਹਰ ਸਾਰੇ ਅਦਾਕਾਰਾਂ, ਨਿਰਦੇਸ਼ਕਾਂ, ਨਿਰਮਾਤਾਵਾਂ ਅਤੇ ਪ੍ਰੋਗਰਾਮ ਪ੍ਰਬੰਧਕਾਂ ’ਤੇ ਲਾਗੂ ਹੁੰਦੇ ਹਨ।

ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਦੀ ਬਹਾਦਰੀ ਅਤੇ ਲਾਸਾਨੀ ਕੁਰਬਾਨੀ ਨੂੰ ਸ਼ਰਧਾਂਜਲੀ ਦੇਣ ਲਈ ਹਰ ਸਾਲ 26 ਦਸੰਬਰ ਨੂੰ ‘ਵੀਰ ਬਾਲ ਦਿਵਸ’ ਵਜੋਂ ਮਨਾਉਂਦੀ ਹੈ।

Advertisement