Punjab News - Cabinet Meeting: ਪੰਜਾਬ ਮੰਤਰੀ ਮੰਡਲ ਵੱਲੋਂ ਲੈਂਡ ਪੂਲਿੰਗ ਪਾਲਿਸੀ ਨੂੰ ਹਰੀ ਝੰਡੀ
ਕਿਸਾਨਾਂ ਤੇ ਜ਼ਮੀਨ ਮਾਲਕਾਂ ਨੂੰ ਇਕ ਏਕੜ ਦੇ ਪਿੱਛੇ 1000 ਗਜ਼ ਰਿਹਾਇਸ਼ੀ ਤੇ 200 ਗਜ਼ ਵਪਾਰਕ ਜਾਇਦਾਦ ਦਿੱਤੀ ਜਾਵੇਗੀ
ਆਤਿਸ਼ ਗੁਪਤਾ
ਚੰਡੀਗੜ੍ਹ, 2 ਜੂਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹੋਈ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਨਵੀਂ ਲੈਂਡ ਪੂਲਿੰਗ ਪਾਲਿਸੀ (land pooling policy) ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਇਸ ਨਵੀਂ ਪਾਲਿਸੀ ਬਾਰੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਕਿਸਾਨਾਂ ਤੇ ਜ਼ਮੀਨ ਮਾਲਕਾਂ ਨੂੰ ਇਕ ਏਕੜ ਜ਼ਮੀਨ ਦੇ ਪਿੱਛੇ 1000 ਗਜ਼ ਰਿਹਾਇਸ਼ੀ ਤੇ 200 ਗਜ਼ ਵਪਾਰਕ ਜਾਇਦਾਦ ਦਿੱਤੀ ਜਾਵੇਗੀ।
ਇਸ ਤੋਂ ਇਲਾਵਾ 9 ਤੋਂ 10 ਏਕੜ ਜ਼ਮੀਨ ਦੇ ਬਦਲੇ ਤਿੰਨ ਏਕੜ ਜ਼ਮੀਨ ਦਿੱਤੀ ਜਾਵੇਗਾ, ਜਿਸ ਉੱਤੇ ਕਿਸਾਨ ਗਰੁੱਪ ਹਾਊਸਿੰਗ ਪ੍ਰਾਜੈਕਟ ਸ਼ੁਰੂ ਕਰ ਸਕਣਗੇ। ਜੇ ਕੋਈ ਜ਼ਮੀਨ ਮਾਲਕ 50 ਏਕੜ ਜ਼ਮੀਨ ਦਿੰਦਾ ਹੈ ਤਾਂ ਉਸ ਨੂੰ 30 ਏਕੜ ਜ਼ਮੀਨ ਦਿੱਤੀ ਜਾਵੇ। ਇਸ ਵਿੱਚ ਜ਼ਮੀਨ ਮਾਲਕ 20 ਫੀਸਦ ਹਿੱਸੇ ਵਿੱਚ ਗਰੁੱਪ ਹਾਊਸਿੰਗ ਅਤੇ 5 ਫੀਸਦ ਵਿੱਚ ਵਪਾਰਕ ਪਲਾਟ ਕੱਟ ਸਕਣਗੇ, ਜਦੋਂ ਕਿ ਇਸ ਤੋਂ ਇਲਾਵਾ ਜ਼ਮੀਨ ਉੱਤੇ ਰਿਹਾਇਸ਼ੀ ਪਲਾਟ ਕੱਟ ਸਕਣਗੇ।
ਸ੍ਰੀ ਅਰੋੜਾ ਨੇ ਸਾਫ਼ ਕੀਤਾ ਕਿ ਨਵੀਂ ਲੈਂਡ ਪੂਲਿੰਗ ਪੋਲਿਸੀ ਅਨੁਸਾਰ ਕਿਸੇ ਵੀ ਕਿਸਾਨ ਅਤੇ ਜ਼ਮੀਨ ਮਾਲਕ ਦੀ ਜ਼ਮੀਨ ਨੂੰ ਜਬਰੀ ਇਕਵਾਇਰ ਨਹੀਂ ਕੀਤੀ ਜਾਵੇਗੀ। ਇਸ ਪਾਲਿਸੀ ਦੀ ਸ਼ੁਰੂਆਤ ਪੰਜਾਬ ਦੇ 27 ਵੱਡੇ ਸ਼ਹਿਰਾਂ ਤੋਂ ਕੀਤੀ ਜਾਵੇਗੀ।