ਪੰਜਾਬ ਸਰਕਾਰ ਹਸਪਤਾਲ ’ਤੇ ਰਾਜਨੀਤੀ ਕਰ ਰਹੀ ਹੈ: ਚੰਨੀ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੀਤੇ ਕੱਲ੍ਹ ਚਮਕੌਰ ਸਾਹਿਬ ਦੇ ਸਬ ਡਿਵੀਜ਼ਨਲ ਹਸਪਤਾਲ ਦਾ ਉਦਘਾਟਨ ਕਾਰਨ ਉਪਰੰਤ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਇਸ ਹਸਪਤਾਲ ਨੂੰ ਉਨ੍ਹਾਂ ਦੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਸਬ ਡਿਵੀਜ਼ਨਲ ਪੱਧਰ ਤੱਕ ਅਪਗ੍ਰੇਡ ਕੀਤਾ ਗਿਆ ਸੀ ਅਤੇ ਇਸ ਦੇ ਨਿਰਮਾਣ ਕਾਰਜਾਂ ਲਈ 11 ਕਰੋੜ ਤੋਂ ਵੱਧ ਰਕਮ ਜਾਰੀ ਕੀਤੀ ਗਈ ਸੀ ਪ੍ਰੰਤੂ ਮੌਜੂਦਾ ਸਰਕਾਰ ਇਸ ਹਸਪਤਾਲ ਦੇ ਨਿਰਮਾਣ ਨੂੰ ਲੈ ਕੇ ਗੁਮਰਾਹਕੁਨ ਪ੍ਰਚਾਰ ਅਤੇ ਗਲਤ ਰਾਜਨੀਤੀ ਕਰ ਰਹੀ ਹੈ। ਸ੍ਰੀ ਚੰਨੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਦਾ ਉਦਘਾਟਨ ਅਕਤੂਬਰ 2021 ਵਿੱਚ ਕੀਤਾ ਗਿਆ ਸੀ। ਇਸ ਹਸਪਤਾਲ ਦੇ ਨਿਰਮਾਣ ਕਾਰਜਾਂ ਲਈ ਪੰਜਾਬ ਦੇ ਵਿੱਤ ਵਿਭਾਗ ਵੱਲੋਂ 6 ਦਸੰਬਰ 2021 ਵਿੱਚ 1109.42 ਲੱਖ ਰੁਪਏ ਦੀ ਰਾਸ਼ੀ ਪ੍ਰਵਾਨ ਕਰਕੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਨੂੰ ਭੇਜੀ ਗਈ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਵੱਲੋਂ ਇਸ ਹਸਪਤਾਲ ਨੂੰ ਚਾਲੂ ਕਰਨ ਵਿੱਚ ਤਿੰਨ ਸਾਲ ਤੋਂ ਵੱਧ ਸਮਾਂ ਲਗਾ ਕੇ ਅਤੇ ਇੱਥੇ ਸਿਹਤ ਵਿਭਾਗ ਦੇ ਨਾਰਮ ਅਨੁਸਾਰ ਡਾਕਟਰਾਂ ਦੀਆਂ ਬਣਦੀਆਂ 18 ਆਸਾਮੀਆਂ ਨਾ ਦੇ ਕੇ ਚਮਕੌਰ ਸਾਹਿਬ ਹਲਕੇ ਦੇ ਲੋਕਾਂ ਨਾਲ ਧਰੋਹ ਕਮਾਇਆ ਗਿਆ ਹੈ।