ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦੀ ਸਫਾਈ ਲਈ 100 ਕਰੋੜ ਰੁਪਏ ਰੱਖੇ

ਹਰ ਪਿੰਡ ਨੂੰ ਸਾਫ-ਸਫਾਈ ਲਈ ਮੁੱਢਲੇ ਤੌਰ ’ਤੇ ਇੱਕ-ਇੱਕ ਲੱਖ ਰੁਪਏ ਦੇਣ ਦਾ ਕੀਤਾ ਫੈਸਲਾ
ਫਾਈਲ ਫੋਟੋ।
Advertisement

ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚੋਂ ਹੜ੍ਹਾਂ ਦਾ ਪਾਣੀ ਉੱਤਰਣ ਤੋਂ ਬਾਅਦ ਜਨ-ਜੀਵਨ ਨੂੰ ਲੀਹ ’ਤੇ ਲਿਆਉਣ ਲਈ ਹੜ੍ਹਾਂ ਕਰਕੇ ਆਈ ਮਿੱਟੀ ਤੇ ਸਿਲਟ ਨੂੰ ਹਟਾਉਣ ਲਈ ਸਫਾਈ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ।

ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਸਫਾਈ ਲਈ 100 ਕਰੋੜ ਰੁਪਏ ਰੱਖੇ ਹਨ, ਜਿਸ ਨਾਲ 2300 ਦੇ ਕਰੀਬ ਪਿੰਡਾਂ ਤੇ ਹੋਰ ਇਲਾਕਿਆਂ ਦੀ ਸਫਾਈ ਕੀਤੀ ਜਾਵੇਗੀ। ਇਸ ਗੱਲ ਦਾ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਹੈ।

Advertisement

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਰੇਕ ਪਿੰਡ ਨੂੰ ਮੁੱਢਲੇ ਤੌਰ ’ਤੇ ਸਫਾਈ ਲਈ ਇਕ-ਇਕ ਲੱਖ ਰੁਪਏ ਦਿੱਤੇ ਜਾਣਗੇ, ਜਿਸ ਨਾਲ 24-25 ਸਤੰਬਰ ਤੱਕ ਪਿੰਡਾਂ ਦੀ ਸਫਾਈ ਯਕੀਨੀ ਤੌਰ ’ਤੇ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਪਿੰਡਾਂ ਦੀ ਸਫਾਈ ਲਈ ਜੇਸੀਬੀ ਅਤੇ ਟਰੈਕਟਰ ਟਰਾਲੀ ਅਤੇ ਲੇਬਰ ਦਾ ਪ੍ਰਬੰਧ ਵੀ ਸੂਬਾ ਸਰਕਾਰ ਵੱਲੋਂ ਕਰਕੇ ਦਿੱਤਾ ਜਾਵੇਗਾ। ਇਸ ਦੇ ਨਾਲ ਹੀ 15 ਅਕਤੂਬਰ ਤੱਕ ਪਿੰਡਾਂ ਦੀਆਂ ਸਾਂਝੀਆਂ ਥਾਵਾਂ ਧਰਮਸ਼ਾਲਾ ਤੇ ਹੋਰਨਾਂ ਨੂੰ ਸਾਫ ਕੀਤਾ ਜਾਵੇਗਾ, ਜਦੋਂ ਕਿ 22 ਅਕਤੂਬਰ ਤੱਕ ਸੂਬੇ ਦੇ ਛੱਪੜਾਂ ਦੀ ਸਫਾਈ ਦਾ ਕਾਰਜ ਨੇਪਰੇ ਚਾੜ੍ਹਿਆ ਜਾਵੇਗਾ।

ਮੁੱਖ ਮੰਤਰੀ ਨੇ ਹੜ੍ਹ ਪ੍ਰਭਾਵਿਤ ਇਲਾਕਿਆ ਦੀ ਸਫਾਈ ਲਈ ਸਮਾਜ ਸੇਵੀ ਜਥੇਬੰਦੀਆਂ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ।

ਮੁੱਖ ਮੰਤਰੀ ਨੇ ਕਿਹਾ ਕਿ ਹੜ੍ਹਾਂ ਕਰਕੇ ਪਿੰਡਾਂ ਵਿੱਚ ਬਿਮਾਰੀਆਂ ਫੈਲ੍ਹ ਜਾਣ ਦਾ ਖਦਸ਼ਾ ਹੈ। ਇਸ ਲਈ ਸਾਰੇ ਪਿੰਡਾਂ ਵਿੱਚ ਮੈਡੀਕਲ ਕੈਂਪ ਲਗਾਏ ਜਾਣਗੇ, ਜਿੱਥੇ ਲੋਕਾਂ ਦੀ ਸਿਹਤ ਦੀ ਜਾਂਚ ਕੀਤੀ ਜਾਵੇਗੀ ਅਤੇ ਲੋੜੀਂਦੀ ਦਵਾਈਆਂ ਵੀ ਮੁਫ਼ਤ ਵਿੱਚ ਮੁਹੱਈਆ ਕਰਵਾਈ ਜਾਣਗੀਆਂ। ਇਸ ਦੌਰਾਨ 550 ਐਂਬੂੁਲੈਂਸਾਂ ਨੂੰ ਵੀ ਤਾਇਨਾਤ ਕੀਤਾ ਜਾਵੇਗਾ।

ਭਗਵੰਤ ਮਾਨ ਨੇ ਕਿਹਾ ਕਿ ਹੜ੍ਹਾਂ ਕਰਕੇ ਸੂਬੇ ਦੇ 713 ਪਿੰਡਾਂ ਵਿੱਚ ਕਰੀਬ ਢਾਈ ਲੱਖ ਦੇ ਕਰੀਬ ਪਸ਼ੂ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਹਰੇਕ ਪਿੰਡ ਵਿੱਚ ਵੈਟਨਰੀ ਡਾਕਟਰਾਂ ਦੀ ਟੀਮ ਤਾਇਨਾਤ ਕੀਤੀ ਹੈ। ਵੈਟਨਰੀ ਡਾਕਟਰਾਂ ਵੱਲੋਂ ਸਾਰੇ ਪਸ਼ੂਆਂ ਦੀ ਵੈਕਸੀਨੇਸ਼ਨ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 16 ਸਤੰਬਰ ਤੋਂ ਝੋਨੇ ਦੀ ਫ਼ਸਲ ਦੀ ਖਰੀਦ ਦਾ ਕਾਰਜ ਸ਼ੁਰੂ ਕਰ ਦਿੱਤਾ ਜਾਵੇਗਾ। ਹਾਲਾਂਕਿ ਅੰਮ੍ਰਿਤਸਰ ਵਾਲੇ ਖੇਤਰ ਵਿੱਚ ਮੰਡੀਆਂ ਵਿੱਚ ਝੋਨਾ ਆਉਣਾ ਸ਼ੁਰੂ ਹੋ ਗਿਆ ਹੈ, ਜਿਸ ਨੂੰ ਪ੍ਰਾਈਵੇਟ ਖਰੀਦਦਾਰਾਂ ਵੱਲੋਂ ਖਰੀਦਿਆ ਜਾ ਰਿਹਾ ਹੈ। ਪਰ ਸਰਕਾਰੀ ਖਰੀਦ 16 ਸਤੰਬਰ ਤੋਂ ਸ਼ੁਰੂ ਹੋਵੇਗੀ। ਉਨ੍ਹਾਂ ਕਿਹਾ ਕਿ ਸੂਬੇ ਦੀਆਂ ਕੁਝ ਮੰਡੀਆਂ ਹੜ੍ਹਾਂ ਕਰਕੇ ਪ੍ਰਭਾਵਿਤ ਹੋਈਆਂ ਹਨ, ਉਨ੍ਹਾਂ ਨੂੰ ਵੀ 19 ਸਤੰਬਰ ਤੱਕ ਠੀਕ ਕਰ ਦਿੱਤਾ ਜਾਵੇਗਾ।

Advertisement
Show comments