Punjab Floods: ਘੱਗਰ ਵਿੱਚ ਪਾਣੀ ਦਾ ਪੱਧਰ ਕਾਬੂ ਹੇਠ, ਅਫਵਾਹਾਂ ’ਤੇ ਧਿਆਨ ਨਾ ਦਿਓ: ਡਿਪਟੀ ਕਮਿਸ਼ਨਰ
ਡੇਰਾਬਸੀ ਤੇ ਲਾਲੜੂ ਖੇਤਰ ਵਿੱਚ ਘੱਗਰ ਦਰਿਆ ਦੇ ਪਾਣੀ ਦੇ ਵਧਦੇ ਪੱਧਰ ਦੇ ਖ਼ਤਰੇ ਸਬੰਧੀ ਚੱਲ ਰਹੀਆਂ ਅਫਵਾਹਾਂ ਨੂੰ ਰੱਦ ਕਰਦਿਆਂ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਅਤੇ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ। ਉਨ੍ਹਾਂ ਕਿਹਾ ਕਿ ਘੱਗਰ ਦੇ ਆਲਮਗੀਰ ਅਤੇ ਟਿਵਾਣਾ ਬੰਨ੍ਹ ਮਜ਼ਬੂਤ ਹਨ ਅਤੇ ਪ੍ਰਸ਼ਾਸਨਿਕ ਟੀਮਾਂ ਲਗਾਤਾਰ ਨਿਗਰਾਨੀ ਕਰ ਰਹੀਆਂ ਹਨ ਤਾਂ ਜੋ ਜ਼ਰੂਰਤ ਪੈਣ ’ਤੇ ਤੁਰੰਤ ਕਾਰਵਾਈ ਕੀਤੀ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਲਮਗੀਰ ਵਾਲੇ ਪਾਸੇ ਦੋ–ਤਿੰਨ ਸਥਾਨਾਂ ’ਤੇ ਵਾਧੂ ਧਿਆਨ ਦੀ ਲੋੜ ਸੀ, ਜਿਨ੍ਹਾਂ ਨੂੰ ਮਜ਼ਬੂਤ ਕਰਨ ਲਈ ਡਰੇਨੇਜ ਵਿਭਾਗ ਨੂੰ ਤੁਰੰਤ ਕੰਮ ’ਤੇ ਲਗਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਡੇਰਾਬਸੀ ਤੇ ਲਾਲੜੂ ਖੇਤਰ ਵਿੱਚ ਘੱਗਰ ਦਰਿਆ ਦਾ ਪਾਣੀ ਖ਼ਤਰੇ ਦੇ ਪੱਧਰ ਤੋਂ ਕਾਫੀ ਹੇਠਾਂ ਹੈ। ਸੁਖਨਾ ਹੈੱਡਵਰਕਸ ਤੋਂ ਅੱਜ ਸਵੇਰੇ ਵਾਧੂ ਪਾਣੀ ਛੱਡਣ ਦੀਆਂ ਰਿਪੋਰਟਾਂ ਬਾਰੇ ਡੀ.ਸੀ. ਨੇ ਕਿਹਾ ਕਿ ਇਸ ਨਾਲ ਕਿਸੇ ਕਿਸਮ ਦਾ ਤੇਜ਼ ਵਹਾਅ ਨਹੀਂ ਆਇਆ ਅਤੇ ਪਾਣੀ ਸਧਾਰਨ ਢੰਗ ਨਾਲ ਪਾਰ ਹੋ ਗਿਆ ਹੈ।
ਇਸ ਮੌਕੇ ਐੱਸਡੀਐੱਮ ਡੇਰਾਬਸੀ ਅਮਿਤ ਗੁਪਤਾ, ਕਾਰਜਕਾਰੀ ਇੰਜੀਨੀਅਰ ਡ੍ਰੇਨੇਜ ਖੁਸ਼ਵਿੰਦਰ ਸਿੰਘ ਅਤੇ ਤਹਿਸੀਲਦਾਰ ਡੇਰਾਬਸੀ ਸੁਮੀਤ ਸਿੰਘ ਢਿੱਲੋਂ ਵੀ ਮੌਜੂਦ ਸਨ। ਡੀ.ਸੀ. ਨੇ ਨੇੜਲੇ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਚਿੰਤਾਵਾਂ ਦਾ ਤੁਰੰਤ ਹੱਲ ਕਰਨ ਦਾ ਭਰੋਸਾ ਦਿੱਤਾ।
ਅਧਕਾਰੀਆਂ ਨੇ ਦੱਸਿਆ ਕਿ ਕਿਸੇ ਵੀ ਐਮਰਜੈਂਸੀ ਲਈ ਡੀਸੀ ਦਫ਼ਤਰ ਕੰਟਰੋਲ ਰੂਮ: 0172-2219506 ਤੇ ਮੋਬਾਈਲ: 76580-51209, ਐਸ.ਡੀ.ਐਮ. ਦਫ਼ਤਰ ਡੇਰਾਬੱਸੀ: 01762-283224 ’ਤੇ ਸੰਪਰਕ ਕੀਤਾ ਜਾ ਸਕਦਾ ਹੈ।